'ਛੱਲਾ ਮੁੜ ਕੇ ਨਹੀਂ ਆਇਆ', ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਨੇ ਸਾਬਕਾ ਮੁੱਖ ਮੰਤਰੀ ਚੰਨੀ

Saturday, Aug 13, 2022 - 05:34 PM (IST)

'ਛੱਲਾ ਮੁੜ ਕੇ ਨਹੀਂ ਆਇਆ', ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਨੇ ਸਾਬਕਾ ਮੁੱਖ ਮੰਤਰੀ ਚੰਨੀ

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਮਗਰੋਂ ਪੰਜਾਬ ਦੀ ਸਿਆਸਤ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਹਨ। ਇਸ ਵੇਲੇ ਚਰਨਜੀਤ ਸਿੰਘ ਚੰਨੀ ਅਮਰੀਕਾ ਤੇ ਕੈਨੇਡਾ ਦੇ ਦੌਰੇ 'ਤੇ ਹਨ। ਵਿਦੇਸ਼ ਹੋਣ ਦੇ ਬਾਵਜੂਦ ਚੰਨੀ ਪੰਜਾਬ 'ਚ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਸੋਸ਼ਲ ਮੀਡੀਆ 'ਤੇ ਟ੍ਰੋਲਰ ਟੀਮ ਲਗਾਤਾਰ ਚਰਨਜੀਤ ਸਿੰਘ ਚੰਨੀ ਨੂੰ ਟ੍ਰੋਲ ਕਰ ਰਹੀ ਹੈ।

ਹਾਲ ਹੀ 'ਚ ਅਮਰਿੰਦਰ ਗਿੱਲ ਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਛੱਲਾ ਮੁੜ ਕੇ ਨ੍ਹੀਂ ਆਇਆ' ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚੰਨੀ ਮੁੜ ਕੇ ਨ੍ਹੀਂ ਆਇਆ ਵਜੋਂ ਪੋਸਟ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਦੇ ਸੋਸ਼ਲ ਮੀਡੀਆ 'ਤੇ ਕਾਫ਼ੀ ਮੀਮਸ ਬਣਾਏ ਜਾ ਰਹੇ ਹਨ। ਉਥੇ ਹੀ ਸਾਢੇ ਪੰਜ ਮਹੀਨਿਆਂ ਬਾਅਦ ਜੇਲ੍ਹ 'ਚੋਂ ਵਾਪਸ ਆਏ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਚੰਨੀ 'ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਤਾਂ ਜੇਲ੍ਹ ਵਿੱਚੋਂ ਵੀ ਮੁੜ ਆਏ ਹਾਂ ਪਰ ਚੰਨੀ ਸਾਹਿਬ ਵਿਦੇਸ਼ ਤੋਂ ਹੀ ਨਹੀਂ ਮੁੜੇ। ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਾਰਟੀ ਨੂੰ ਬਿਨਾਂ ਦੱਸੇ ਹੀ ਵਿਦੇਸ਼ ਚਲੇ ਗਏ ਸਨ ਤੇ ਉਨ੍ਹਾਂ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

PunjabKesari

6 ਅਗਸਤ ਨੂੰ ਚਰਨਜੀਤ ਸਿੰਘ ਚੰਨੀ ਨੇ ਇਕ ਅਖ਼ਬਾਰ ਨਾਲ ਵਿਦੇਸ਼ ਤੋਂ ਗੱਲ ਕਰਦਿਆਂ ਦੱਸਿਆ ਸੀ ਕਿ ਉਹ ਆਪਣੇ ਇਲਾਜ ਲਈ ਅਮਰੀਕਾ ਗਏ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ 'ਚ ਨਾ ਤਾਂ ਕੋਈ ਪਰਚਾ ਦਰਜ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਸੰਮਣ ਆਇਆ ਹੈ। ਦੱਸ ਦੇਈਏ ਕਿ ਸੂਤਰਾਂ ਮੁਤਾਬਕ ਚੰਨੀ ਨੂੰ ਪੰਜਾਬ ਕਾਂਗਰਸ ਵਿੱਚ ਕੋਈ ਅਹੁਦਾ ਨਾ ਮਿਲਣ ਕਾਰਨ ਵੀ ਉਹ ਨਾਰਾਜ਼ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਚੰਨੀ ਈ.ਡੀ.ਦੇ ਡਰ ਤੋਂ ਵੀ ਵਿਦੇਸ਼ ਗਏ ਹਨ, ਕਿਉਂਕਿ ਉਨ੍ਹਾਂ ਦੇ ਭਾਣਜੇ 'ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਚੱਲ ਰਿਹਾ ਹੈ ਜਿਸ 'ਚ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਸ ਲਈ ਚੰਨੀ ਵਿਦੇਸ਼ ਚਲੇ ਗਏ ਹਨ।

ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਮੁਤਾਬਕ ਚੰਨੀ ਕਈ ਜ਼ਰੂਰੀ ਸਮਾਗਮਾਂ 'ਚ ਹਾਜ਼ਰੀ ਲਗਵਾਉਣ ਲਈ ਅਮਰੀਕਾ ਗਏ ਹਨ ਤੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਨਾਲ ਹੈ। ਦੱਸ ਦੇਈਏ ਕਿ ਜਿਥੇ ਚੰਨੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਰ ਟ੍ਰੋਲ ਕਰ ਰਹੇ ਹਨ ਉਥੇ ਹੀ ਚੰਨੀ ਦੇ ਸਮਰਥੱਕ ਵੀ ਸੋਸ਼ਲ ਮੀਡੀਆ 'ਤੇ ਚੰਨੀ ਦੇ ਪੱਖ 'ਚ ਪੋਸਟਾਂ ਸ਼ੇਅਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਸਨ।


author

Harnek Seechewal

Content Editor

Related News