ਪੰਜਾਬ ''ਚ ਹੜ੍ਹਾਂ ਨੇ ਮਚਾਈ ਤਬਾਹੀ, ਹਜ਼ਾਰ ਤੋਂ ਵਧੇਰੇ ਪਿੰਡ ਲਪੇਟ ''ਚ, 14 ਲੋਕਾਂ ਨੇ ਗੁਆਈ ਜਾਨ
Thursday, Jul 13, 2023 - 01:03 PM (IST)

ਚੰਡੀਗੜ੍ਹ/ਜਲੰਧਰ/ਭਾਮੀਆਂ ਕਲਾਂ/ਪਾਤੜਾਂ (ਅਸ਼ਵਨੀ, ਧਵਨ, ਜਗਮੀਤ, ਜ. ਬ., ਮਾਨ) : ਲਗਾਤਾਰ ਮੀਂਹ ਤੋਂ ਬਾਅਦ ਪੰਜਾਬ ਦੇ ਕਈ ਖੇਤਰਾਂ ਵਿਚ ਆਏ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ। ਹੁਣ ਤੱਕ ਜਿੱਥੇ ਤਕਰੀਬਨ 14 ਲੋਕ ਇਸ ਆਫ਼ਤ ਵਿਚ ਆਪਣੀ ਜਾਨ ਗੁਆ ਚੁੱਕੇ ਹਨ, ਉੱਥੇ ਹੀ 49 ਪੱਕੇ ਅਤੇ ਕੱਚੇ ਮਕਾਨ ਨੁਕਸਾਨੇ ਗਏ ਹਨ। ਹਜ਼ਾਰਾਂ ਏਕੜ ਫ਼ਸਲ ਪਾਣੀ-ਪਾਣੀ ਹੋ ਗਈ।
ਇਹ ਵੀ ਪੜ੍ਹੋ : ਹੜ੍ਹ ਦਾ ਕਹਿਰ...ਜਦੋਂ 8 ਕਿੱਲੇ ਜ਼ਮੀਨ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ
ਪੰਜਾਬ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰੀ ਮੀਂਹ ਨੇ ਤਕਰੀਬਨ 14 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿਚ ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫ਼ਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਪਟਿਆਲਾ, ਮੋਗਾ, ਲੁਧਿਆਣਾ, ਐੱਸ. ਏ. ਐੱਸ. ਨਗਰ, ਜਲੰਧਰ ਅਤੇ ਸੰਗਰੂਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਤਕਰੀਬਨ 1,058 ਪਿੰਡ ਕਾਫ਼ੀ ਪ੍ਰਭਾਵਿਤ ਹਨ, ਜਿਨ੍ਹਾਂ ਵਿਚ ਐੱਸ. ਏ. ਨਗਰ ਦੇ 268 ਪਿੰਡ, ਰੋਪੜ ਦੇ 364, ਮੋਗੇ ਦੇ 30, ਹੁਸ਼ਿਆਰਪੁਰ ਦੇ 25, ਲੁਧਿਆਣਾ ਦੇ 16, ਪਟਿਆਲਾ ਦੇ 250, ਸੰਗਰੂਰ ਦੇ 3, ਫਿਰੋਜ਼ਪੁਰ ਦੇ 25, ਤਰਨਤਾਰਨ ਦੇ 6 ਅਤੇ ਜਲੰਧਰ ਦੇ ਕਰੀਬ 71 ਪਿੰਡ ਸ਼ਾਮਲ ਹਨ।
ਇਹ ਵੀ ਪੜ੍ਹੋ : ਦਿਵਿਆਂਗ ਵਿਅਕਤੀਆਂ ਦੀ ਸਰਕਾਰੀ ਵਿਭਾਗਾਂ 'ਚ ਭਰਤੀ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ
ਲੁਧਿਆਣਾ ’ਚ ਬੁੱਢੇ ਦਰਿਆ ’ਚ ਪਾਣੀ ਦਾ ਵਹਾਅ ਵਧਣ ਕਾਰਨ ਜਿੱਥੇ ਬੀਤੇ ਦਿਨੀਂ ਲੁਧਿਆਣਾ ਦੇ ਪਿੰਡ ਭੂਖੜੀ ਕਲਾਂ ਵਿਖੇ ਸਥਿਤ ਪੁਲ ਢਹਿ-ਢੇਰੀ ਹੋ ਗਿਆ ਸੀ, ਉੱਥੇ ਹੀ ਪਿੰਡ ਭੂਖੜੀ ਖੁਰਦ ਵਿਖੇ ਬਣਿਆ ਹੋਇਆ ਪੁਲ ਵੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਪੁਲ ਟੁੱਟਣ ਕਾਰਨ ਬੁੱਢੇ ਦਰਿਆ ਦੇ ਦੂਜੇ ਕਿਨਾਰੇ ਬਣੀਆਂ ਹੋਈਆਂ ਡੇਅਰੀਆਂ ਦਾ ਸੰਪਰਕ ਪਿੰਡ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ | ਉੱਧਰ ਸਬ-ਡਵੀਜ਼ਨ ਪਾਤੜਾਂ ਦੇ ਹਲਕਾ ਸ਼ੁਤਰਾਣਾ ਅੰਦਰ ਘੱਗਰ ਦਾ ਪਾਣੀ ਲਗਾਤਾਰ ਕਹਿਰ ਵਰ੍ਹਾ ਰਿਹਾ ਹੈ। ਨੇੜਲੇ ਕਸਬੇ ਬਾਦਸ਼ਾਹਪੁਰ ਵਿਖੇ ਪਾਣੀ ਦੇ ਤੇਜ਼ ਬਹਾਅ ’ਚ ਇਕ 14 ਸਾਲਾ ਮੁੰਡਾ ਰੁੜ੍ਹ ਗਿਆ, ਜਿਸ ਦੀ ਭਾਲ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਅਾਕਾਸ਼ਦੀਪ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਬਾਦਸ਼ਾਹਪੁਰ ਘੱਗਰ ਦੇ ਪਾਣੀ ਦੇ ਤੇਜ਼ ਬਹਾਅ ਦੀ ਲਪੇਟ ’ਚ ਆ ਗਿਆ। ਉਸ ਨੂੰ ਪਿੰਡ ਦੇ ਲੋਕਾਂ ਵੱਲੋਂ ਲੱਭਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਿੰਡ ਰਣਸੀਂਹ ਖੁਰਦ ਦੀ ਖੁਸ਼ਪ੍ਰੀਤ ਕੌਰ ਨੇ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਮਾਣਮੱਤੀ ਪ੍ਰਾਪਤੀ
ਪੰਜਾਬ ਵਿਚ ਆਫਤ਼ ਪ੍ਰਬੰਧਨ ਟੀਮਾਂ ਨੇ ਸੂਬੇ ਭਰ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ ਤਕਰੀਬਨ 13,574 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ ਅਤੇ ਰਿਲੀਫ਼ ਕੈਂਪਾਂ ਵਿਚ ਪਹੁੰਚਾਇਆ ਹੈ। ਇਸ ਵਿਚ ਸਭ ਤੋਂ ਜ਼ਿਆਦਾ ਤਕਰੀਬਨ 8,290 ਲੋਕ ਪਟਿਆਲਾ ਤੋਂ ਅਤੇ ਤਕਰੀਬਨ 2,200 ਲੋਕਾਂ ਨੂੰ ਰੋਪੜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ’ਚੋਂ ਕੱਢਿਆ ਗਿਆ ਹੈ। ਹੜ੍ਹ ਪ੍ਰਭਾਵਿਤਾਂ ਲਈ ਸੂਬੇ ਭਰ ਵਿਚ ਤਕਰੀਬਨ 127 ਰਿਲੀਫ਼ ਕੈਂਪ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚ 14 ਪਟਿਆਲਾ, 16 ਰੋਪੜ, 18 ਫਿਰੋਜ਼ਪੁਰ ਅਤੇ ਤਕਰੀਬਨ 33 ਜਲੰਧਰ ਵਿਚ ਸਥਾਪਿਤ ਕੀਤੇ ਗਏ ਹਨ। ਸੂਬਾ ਸਰਕਾਰ ਨੇ ਪ੍ਰਭਾਵਿਤਾਂ ਨੂੰ ਖੁਰਾਕ ਰਸਦ ਪਹੁੰਚਾਉਣ ਦੀ ਕਵਾਇਦ ਤਹਿਤ ਤਕਰੀਬਨ 16,425 ਖਾਣੇ ਦੇ ਪੈਕੇਟ ਵੰਡੇ ਹਨ। ਉੱਥੇ ਹੀ, 1,816 ਲੋਕਾਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਵਾਇਰਲ ਵੀਡੀਓ 'ਤੇ ਪਿਆ ਬਖੇੜਾ, ਜਥੇਬੰਦੀਆਂ ਨੇ ਦਿੱਤਾ ਅਲਟੀਮੇਟਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8