ਜਯੰਤੀ : ਸੱਚਾਈ ਅਤੇ ਨਿਆਂ ਦੇ ਝੰਡਾਬਰਦਾਰ ‘ਭਗਵਾਨ ਪਰਸ਼ੂਰਾਮ ਜੀ’

Friday, May 10, 2024 - 09:31 AM (IST)

ਜਯੰਤੀ : ਸੱਚਾਈ ਅਤੇ ਨਿਆਂ ਦੇ ਝੰਡਾਬਰਦਾਰ ‘ਭਗਵਾਨ ਪਰਸ਼ੂਰਾਮ ਜੀ’

ਸਾਰੇ ਸਨਾਤਨ ਜਗਤ ਦੇ ਪੂਜਨੀਕ ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭ੍ਰਿਗੂਕੁਲ ਤਿਲਕ, ਅਜਰ, ਅਮਰ, ਅਵਿਨਾਸ਼ੀ, ਅਸ਼ਟ ਚਿਰੰਜੀਵੀਆਂ ’ਚ ਸ਼ਾਮਲ, ਸਾਰੇ ਸ਼ਸਤਰਾਂ ਅਤੇ ਸ਼ਾਸਤਰਾਂ ਦੇ ਜਾਣੂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਵਿਸਾਖ ਮਹੀਨੇ ਦੇ ਸ਼ੁਕਲ ਪਕਸ਼ ਦੀ ਤ੍ਰਿਤੀਆ ਭਾਵ ਅਕਸ਼ੈ ਤ੍ਰਿਤੀਆ ਦੇ ਦਿਨ ਮਾਤਾ ਰੇਣੁਕਾ ਦੇ ਗਰਭ ਤੋਂ ਹੋਇਆ। ਪਰਸ਼ੂਰਾਮ ਜੀ ਦੇ ਪਿਤਾ ਰਿਸ਼ੀ ਜਮਦਗਨੀ ਵੇਦ-ਸ਼ਾਸਤਰਾਂ ਦੇ ਮਹਾਨ ਜਾਣਕਾਰ ਸਨ। ਯੋਗੀ ਹੁੰਦੇ ਹੋਏ ਵੀ ਭਗਵਾਨ ਪਰਸ਼ੂਰਾਮ ਜੀ ਨੇ ਹਥਿਆਰ ਚੁੱਕ ਕੇ ਸੱਚਾਈ, ਸਮਾਨਤਾ ਅਤੇ ਸਮਾਜਿਕ ਨਿਆਂ ਦੀ ਧਾਰਣਾ ਤੋਂ ਪੋਸ਼ਿਤ ਸੱਚੇ ਸਨਾਤਨ ਧਰਮ ਦੀ ਸਥਾਪਨਾ ਕੀਤੀ। 

ਰਾਜਾ ਸਹਸਤਰਾਰਜੁਨ ਨੂੰ ਭਗਵਾਨ ਦੱਤਾਤ੍ਰੇਯ ਤੋਂ ਅਜੇਤੂ ਹੋਣ ਦਾ ਵਰਦਾਨ ਪ੍ਰਾਪਤ ਸੀ। ਇਕ ਸਮੇਂ ਸਹਸਤਰਾਰਜੁਨ ਭਗਵਾਨ ਪਰਸ਼ੂਰਾਮ ਜੀ ਦੇ ਪਿਤਾ ਰਿਸ਼ੀ ਜਮਦਗਨੀ ਦੇ ਆਸ਼ਰਮ ’ਚ ਆਏ। ਆਸ਼ਰਮ ਦੀ ਖੁਸ਼ਹਾਲੀ ਦੇਖ ਕੇ ਉਹ ਹੈਰਾਨ ਰਹਿ ਗਏ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਭ ਕਾਮਧੇਨੂ ਗਊ ਦੀ ਕ੍ਰਿਪਾ ਹੈ, ਤਾਂ ਉਹ ਜ਼ਬਰਦਸਤੀ ਕਾਮਧੇਨੂ ਨੂੰ ਲੈ ਗਿਆ। ਜਦ ਭਗਵਾਨ ਪਰਸ਼ੂਰਾਮ ਜੀ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਰਸਤੇ ’ਚ ਰੋਕ ਕੇ ਉਨ੍ਹਾਂ ਨਾਲ ਯੁੱਧ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਇਸ ਦੀ ਪ੍ਰਤੀਕਿਰਿਆ ਵਜੋਂ ਸਹਸਤਰਾਰਜੁਨ ਦੇ ਪੁੱਤਰਾਂ ਨੇ ਰਿਸ਼ੀ ਜਮਦਗਨੀ ਦੀ ਹੱਤਿਆ ਕਰ ਦਿੱਤੀ। ਫਿਰ ਭਗਵਾਨ ਪਰਸ਼ੂਰਾਮ ਨੇ 21 ਵਾਰ ਅਜਿਹੇ ਜ਼ੁਲਮੀਆਂ ਤੇ ਅਧਰਮੀ ਰਾਜਿਆਂ ਨੂੰ ਇਸ ਧਰਤੀ ਤੋਂ ਮੁਕਤ ਕੀਤਾ ਤੇ ਪਰਜਾ ’ਚ ਡਰ-ਰਹਿਤ ਤੇ ਸ਼ਾਂਤੀ ਦਾ ਮਾਹੌਲ ਸਥਾਪਿਤ ਕੀਤਾ। ਭਗਵਾਨ ਪਰਸ਼ੂਰਾਮ ਜੀ ਨੇ ਸ਼ੁਰੂਆਤੀ ਸਿੱਖਿਆ ਮਹਾਰਿਸ਼ੀ ਵਿਸ਼ਵਾਮਿੱਤਰ ਤੇ ਮਹਾਰਿਸ਼ੀ ਰਿਚੀਕ ਦੇ ਆਸ਼ਰਮ ’ਚ ਪ੍ਰਾਪਤ ਕੀਤੀ ਅਤੇ ਮਹਾਰਿਸ਼ੀ ਰਿਚੀਕ ਤੋਂ ਹੀ ਉਨ੍ਹਾਂ ਨੂੰ ਸ਼ਾਰਡੰਗ ਨਾਂ ਦਾ ਦਿਵਯ ਵੈਸ਼ਣਵ ਧਨੁਸ਼ ਅਤੇ ਬ੍ਰਹਮਰਿਸ਼ੀ ਕਸ਼ਯਪ ਤੋਂ ਵਿਧੀਵਤ ਅਵਿਨਾਸ਼ੀ ਵੈਸ਼ਣਵ ਮੰਤਰ ਪ੍ਰਾਪਤ ਹੋਇਆ।

ਭ੍ਰਿਗੂਕੁਲ ’ਚ ਪੈਦਾ ਪਰਸ਼ੂਰਾਮ ਜੀ ਹਮੇਸ਼ਾ ਆਪਣੇ ਗੁਰੂਜਨਾਂ ਤੇ ਮਾਤਾ-ਪਿਤਾ ਦੀ ਆਗਿਆ ਦੀ ਪਾਲਨਾ ਕਰਦੇ ਸਨ। ਉਨ੍ਹਾਂ ਦੇ ਕਹੇ ਅਨੁਸਾਰ ਰਾਜਾ ਦਾ ਫਰਜ਼ ਹੁੰਦਾ ਹੈ ਵੈਦਿਕ ਸਨਾਤਨ ਧਰਮ ਦੇ ਅਨੁਸਾਰ ਰਾਜਧਰਮ ਦੀ ਪਾਲਨਾ ਕਰਦੇ ਹੋਏ ਪਰਜਾ ਦੇ ਹਿੱਤ ’ਚ ਕੰਮ ਕਰੇ ਨਾ ਕਿ ਪਰਜਾ ਤੋਂ ਆਗਿਆ ਪਾਲਨ ਕਰਵਾਏ ਅਤੇ ਉਸ ਦੇ ਅਧਿਕਾਰਾਂ ’ਤੇ ਰੋਕ ਲਗਾਏ। ਭਗਵਾਨ ਪਰਸ਼ੂਰਾਮ ਜੀ ਨੇ ਅਸ਼ਵਮੇਧ ਮਹਾਯੱਗ ਦਾ ਆਯੋਜਨ ਕਰ ਕੇ ਸਪਤਦੀਪ ਯੁਕਤ ਪ੍ਰਿਥਵੀ ਮਹਾਰਿਸ਼ੀ ਕਸ਼ਯਪ ਜੀ ਨੂੰ ਦਾਨ ਕਰ ਦਿੱਤੀ ਸੀ। ਭਗਵਾਨ ਸ਼ਿਵ ਵਲੋਂ ਮਿਲੇ ਅਮੋਘ ਪਰਸ਼ੂ (ਫਰਸੇ) ਨਾਲ ਇਨ੍ਹਾਂ ਦਾ ਨਾਂ ਪਰਸ਼ੂਰਾਮ ਪਿਆ। ਭਗਵਾਨ ਸ਼ਿਵ ਦੀ ਕ੍ਰਿਪਾ ਨਾਲ ਹੀ ਭਗਵਾਨ ਸ਼੍ਰੀਕ੍ਰਿਸ਼ਨ ਦਾ ਤ੍ਰੈਲੋਕ ਵਿਜੇ ਕਵਚ ਪ੍ਰਾਪਤ ਹੋਇਆ। ਭਗਵਾਨ ਪਰਸ਼ੂਰਾਮ ਜੀ ਨੇ ਭੀਸ਼ਮ, ਦ੍ਰੋਣ ਤੇ ਕਰਣ ਨੂੰ ਵੀ ਹਥਿਆਰਾਂ ਦੀ ਵਿੱਦਿਆ ਸਿਖਾਈ। ਵਿਘਨਹਰਤਾ ਭਗਵਾਨ ਗਣੇਸ਼ ਜੀ ਨੂੰ ਏਕਦੰਤ ਕਰਨ ਵਾਲੇ ਵੀ ਭਗਵਾਨ ਪਰਸ਼ੂਰਾਮ ਜੀ ਹੀ ਸਨ। ਇਨ੍ਹਾਂ ਦੀ ਪਰਸ਼ੂਰਾਮ ਗਾਇਤਰੀ ਹੈ-ਓਮ ਜਾਮਦਗਨਯਾਯ ਵਿਧਹੇ ਮਹਾਵੀਰਾਯ ਧੀਮਹਿ ਤਨੋ ਪਰਸ਼ੂਰਾਮ: ਪ੍ਰਚੋਦਯਾਤ।।

ਵੈਦਿਕ ਭਗਵਾਨ ਪਰਸ਼ੂਰਾਮ ਜੀ ਨੇ ਬ੍ਰਾਹਮਣ ਕੁਲ ’ਚ ਜਨਮ ਲੈ ਕੇ ਨਾ ਸਿਰਫ ਵੇਦ-ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕੀਤਾ ਸਗੋਂ  ਕਸ਼ਤਰੀ ਸੁਭਾਅ ਨੂੰ ਧਾਰਨ ਕਰਦੇ ਹੋਏ ਸ਼ਸਤਰਾਂ ਨੂੰ ਵੀ  ਧਾਰਨ ਕੀਤਾ ਅਤੇ ਇਸ ਨਾਲ ਉਹ ਪੂਰੇ ਸਨਾਤਨ ਜਗਤ ਦੇ ਪੂਜਨੀਕ ਅਤੇ ਸਾਰੇ ਸ਼ਸਤਰਾਂ ਅਤੇ ਸ਼ਾਸਤਰਾਂ ਦੇ ਜਾਣੂ ਵੀ ਕਹਾਏ। ਭਗਵਾਨ ਪਰਸ਼ੂ ਰਾਮ ਜੀ ਦੀ ਸ਼ਮਾਸ਼ੀਲਤਾ, ਦਾਨਸ਼ੀਲਤਾ, ਸਨਾਤਨ ਮਰਿਆਦਾ, ਨਿਆਏਪ੍ਰਿਯਤਾ, ਮਾਤਾ-ਪਿਤਾ ਦੀ ਭਗਤੀ ਸਾਰੇ ਮਨੁੱਖੀ ਸਮਾਜ ਲਈ ਮਿਸਾਲਯੋਗ ਅਤੇ ਪੂਜਨੀਕ ਹੈ। ਭਗਵਾਨ ਪਰਸ਼ੂਰਾਮ ਜੀ ਦੀ ਪਾਵਨ ਕੀਰਤੀ ਯੁਗਾਂ-ਯੁਗਾਂ ਤੱਕ ਅਮਰ ਰਹੇਗੀ।
ਹੱਥ ’ਚ ਪਰਸ਼ੂ ਧਾਰਨ ਕਰਨ ਵਾਲੇ ਭਗਵਾਨ ਪਰਸ਼ੂਰਾਮ ਜੀ ਨੂੰ ਨਮਨ ਹੈ। ਹੱਥ ’ਚ ਧਨੁਸ਼ ਧਾਰਨ ਕਰਨ ਵਾਲੇ ਪਰਸ਼ੂਰਾਮ ਜੀ ਨੂੰ ਨਮਨ ਹੈ। ਰੁਦਰ ਰੂਪੀ ਪਰਸ਼ੂਰਾਮ ਜੀ ਨੂੰ ਨਮਨ ਹੈ। ਸਾਖਸ਼ਾਤ ਵੇਦਮੂਰਤੀ ਭਗਵਾਨ ਵਿਸ਼ਨੂੰ ਰੂਪ ਪਰਸ਼ੂਰਾਮ ਜੀ ਨੂੰ ਨਮਨ ਹੈ। ਧਰਮ ਦੀ ਸਾਖਸ਼ਾਤ ਮੂਰਤੀ ਭਗਵਾਨ ਪਰਸ਼ੂਰਾਮ ਜੀ ਨੇ ਮਨੁੱਖੀ ਕਲਿਆਣ ਦੇ ਮਕਸਦ ਨਾਲ ਸ਼ਾਸ਼ਵਤ ਧਰਮ ਦੇ ਸਿਧਾਂਤਾਂ ਅਨੁਸਾਰ ਆਪਣੇ ਕਰਮਾਂ ਨਾਲ ਜੋ ਮਹਾਨ ਆਦਰਸ਼ ਸਥਾਪਿਤ ਕੀਤੇ, ਉਹ ਸਾਰੇ ਸਨਾਤਨ ਜਗਤ ਲਈ ਮਿਸਾਲਯੋਗ ਹਨ।

–ਰਵੀਸ਼ੰਕਰ ਸ਼ਰਮਾ 
(ਪ੍ਰਧਾਨ), ਸ਼੍ਰੀ ਗੀਤਾ ਜੈਅੰਤੀ ਮਹਾਉਤਸਵ ਕਮੇਟੀ, ਜਲੰਧਰ

 


author

sunita

Content Editor

Related News