ਡੀ.ਜੀ.ਪੀ ਨਰੇਸ਼ ਡੋਗਰਾ ਦੇ ਹੱਕ ’ਚ ਐਂਟੀ-ਕ੍ਰਾਈਮ ਐਂਟੀ-ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
Saturday, Sep 24, 2022 - 12:26 AM (IST)
ਜਲੰਧਰ (ਮਹੇਸ਼) : ਡੀ. ਸੀ ਪੀ. ਆਪ੍ਰੇਸ਼ਨ ਤੇ ਸਕਿਓਰਿਟੀ ਨਰੇਸ਼ ਡੋਗਰਾ ਨਾਲ ਹੋਈ ਧੱਕੇਸ਼ਾਹੀ ਨੂੰ ਲੈ ਕੇ ਉਨ੍ਹਾਂ ਦੇ ਸਮਰਥਨ 'ਚ ਆਈ ਐਂਟੀ-ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਚੌਕ 'ਚ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕੀਤੀ। ਕੈਰੋਂ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਆਗੂ ਪ੍ਰਸ਼ਾਸਨ ’ਤੇ ਹਾਵੀ ਹੋ ਰਹੇ ਹਨ। ਸੀਨੀਅਰ ਪੁਲਸ ਅਧਿਕਾਰੀ ਨਰੇਸ਼ ਡੋਗਰਾ ਨਾਲ ਜੋ ਕੁਝ ਹੋਇਆ, ਉਸ ਨਾਲ ਸ਼ਹਿਰ ਦੇ ਲੋਕ ਕਾਫ਼ੀ ਸਹਿਮੇ ਹੋਏ ਹਨ। ਪਹਿਲਾਂ ਡੋਗਰਾ ਲਈ ਘਟੀਆ ਸ਼ਬਦ ਵਰਤੇ ਜਾਂਦੇ ਹਨ, ਫਿਰ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਡੋਗਰਾ ’ਤੇ ਹੀ ਐੱਫ. ਆਈ. ਆਰ. ਕਰਨ ਦੀ ਗੱਲ ਕਹੀ ਜਾਂਦੀ ਹੈ। ਬਾਅਦ 'ਚ ਰਾਜ਼ੀਨਾਮਾ ਕਰ ਲਿਆ ਜਾਂਦਾ ਹੈ ਅਤੇ ਰਾਜ਼ੀਨਾਮੇ ਤੋਂ ਬਾਅਦ ਵੀ ਡੋਗਰਾ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਸੂਬੇ ਦੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ
ਕੈਰੋਂ ਨੇ ਕਿਹਾ ਕਿ ਜੋ ਕੁਝ ‘ਆਪ’ ਸਰਕਾਰ ਦੌਰਾਨ ਡੋਗਰਾ ਨਾਲ ਹੋਇਆ, ਅਜਿਹਾ ਅੱਜ ਤੱਕ ਕਿਸੇ ਵੀ ਸਰਕਾਰ 'ਚ ਨਹੀਂ ਹੋਇਆ ਹੋਵੇਗਾ। ਉਨ੍ਹਾਂ ਦੀ ਐਸੋਸੀਏਸ਼ਨ ਪੂਰੀ ਤਰ੍ਹਾਂ ਨਰੇਸ਼ ਡੋਗਰਾ ਨਾਲ ਖੜ੍ਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਤੋਂ ਮੰਗ ਕੀਤੀ ਕਿ ਡੋਗਰਾ ਨੂੰ ਇਨਸਾਫ਼ ਦਿਵਾਇਆ ਜਾਵੇ ਨਹੀਂ ਤਾਂ ਮੌਜੂਦਾ ਸਰਕਾਰ ਤੋਂ ਆਮ ਜਨਤਾ ਦਾ ਭਰੋਸਾ ਬਿਲਕੁਲ ਹੀ ਉੱਠ ਜਾਵੇਗਾ।
ਇਹ ਵੀ ਪੜ੍ਹੋ : ਸੰਗਰੂਰ ’ਚ ਲੱਗਣ ਵਾਲੇ 'ਖੇਤਰੀ ਸਰਸ ਮੇਲੇ' ਦਾ ਲੋਗੋ ਜਾਰੀ, ਵੱਖ-ਵੱਖ ਸ਼ਿਲਪਕਾਰ ਕਰਨਗੇ ਆਪਣੀ ਕਲਾ ਦਾ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਨਰੇਸ਼ ਡੋਗਰਾ ਸ਼ਹਿਰ ਦੇ ਪੁਰਾਣੇ ਅਤੇ ਸੁਲਝੇ ਹੋਏ ਪੁਲਸ ਅਧਿਕਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀ ਵੀ ਰਹੇ ਹਨ। ਹਰਵਿੰਦਰ ਸਿੰਘ ਚਿਟਕਾਰਾ, ਰਤਨ ਲਾਲ ਹੀਰਾ, ਕ੍ਰਿਸ਼ਨ ਲਾਲ ਟਾਂਡਾ, ਦਲਜੀਤ ਸਿੰਘ ਅਰੋੜਾ, ਲਲਿਤ ਲਵਲੀ ਅਤੇ ਸਤੀਸ਼ ਗੁਗਲਾਨੀ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ ਅਤੇ ਨਰਸਾਂ ਨਾਲ ਸਿਆਸੀ ਲੋਕਾਂ ਵੱਲੋਂ ਕੀਤੇ ਗਏ ਬੁਰੇ ਸਲੂਕ ਦੀ ਵੀ ਐਂਟੀ ਕ੍ਰਾਈਮ-ਐਂਟੀ ਕੁਰੱਪਸ਼ਨ ਐਸੋਸੀਏਸ਼ਨ ਨਿੰਦਾ ਕਰਦੇ ਹੋਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ। ਇਸ ਮੌਕੇ ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਜ ਰਾਣੀ, ਮਨਦੀਪ ਕੌਰ, ਸਰਬਜੀਤ ਕੌਰ, ਸੁਸ਼ੀਲ ਰਾਣੀ, ਪਰਮਜੀਤ ਸਿੰਘ, ਦੇਸ ਰਾਜ, ਨਰਿੰਦਰ ਸੈਣੀ, ਕੈਲਾਸ਼ ਠਾਕੁਰ, ਨਿਤਿਸ਼ ਆਦਿ ਹਾਜ਼ਰ ਸਨ।