2 ਮਹੀਨਿਆਂ ''ਚ 73 ਲੋਕਾਂ ਨੂੰ ਸੱਪ ਨੇ ਡੰਗਿਆ, 10 ਦੀ ਹੋਈ ਮੌਤ

Wednesday, Aug 10, 2022 - 04:42 PM (IST)

2 ਮਹੀਨਿਆਂ ''ਚ 73 ਲੋਕਾਂ ਨੂੰ ਸੱਪ ਨੇ ਡੰਗਿਆ, 10 ਦੀ ਹੋਈ ਮੌਤ

ਜਲੰਧਰ : ਭਾਵੇਂ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਪਿਛਲੇ 2 ਸਾਲਾਂ ਦੇ ਮੁਕਾਬਲੇ ਘੱਟ ਹਨ ਪਰ ਇਸ ਸਾਲ ਅਗਸਤ ਦੇ ਦੂਜੇ ਮਹੀਨੇ ਤੱਕ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਜੂਨ ਤੋਂ ਅਗਸਤ ਤੱਕ ਔਸਤਨ 150 ਤੋਂ 200 ਮਰੀਜ਼ ਸਾਹਮਣੇ ਆਏ ਹਨ, ਜਦਕਿ ਮੌਤ ਦਰ ਵੀ 10 ਤੋਂ ਘੱਟ ਸੀ ਪਰ ਸਾਲ 2022 'ਚ ਜੂਨ ਅਤੇ ਜੁਲਾਈ  ਵਿੱਚ ਸਿਰਫ਼ 73 ਮਾਮਲੇ ਸਾਹਮਣੇ ਆਏ ਹਨ ਤੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸੱਪ ਦੇ ਡੱਸਣ ਤੋਂ ਬਾਅਦ ਮਰੀਜ਼ ਦੇਰੀ ਨਾਲ ਹਸਪਤਾਲ ਪਹੁੰਚ ਰਹੇ ਹਨ, ਜਿਸ ਕਾਰਨ ਮੌਤਾਂ ਹੋ ਰਹੀਆਂ ਹਨ। ਜਦੋਂ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਦੇਰੀ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹ ਬਹਾਨੇ ਘੜਦੇ ਹਨ ਪਰ ਮਰੀਜ਼ ਦੀ ਹਾਲਤ ਵਿਗੜਨ ਲਈ ਉਹ ਖ਼ੁਦ ਜ਼ਿੰਮੇਵਾਰ ਹਨ।
 

ਹਸਪਤਾਲ ਦਾਖ਼ਲ ਨਹੀਂ ਹੋਣਾ ਚਾਹੁੰਦਾ ਮਰੀਜ਼
ਸਿਵਲ ਹਸਪਤਾਲ 'ਚ ਮੰਗਲਵਾਰ ਦੁਪਹਿਰ ਨੂੰ ਸ਼ਾਹਕੋਟ ਦੇ ਇਲਾਕੇ ਦਾ ਇੱਕ ਮਜ਼ਦੂਰ ਆਪਣੇ ਖ਼ੇਤ ਮਾਲਕ ਸਮੇਤ ਸੱਪ ਦੇ ਡੰਗਣ ਤੋਂ ਬਾਅਦ ਹਸਪਤਾਲ ਆਇਆ। ਐਮਰਜੈਂਸੀ ਵਿੱਚ ਡਾ. ਈਸ਼ੂ ਨੇ ਡਾ. ਹਰਵੀਨ ਕੌਰ ਨਾਲ ਮਿਲ ਕੇ ਮਰੀਜ਼ ਦਾ ਜਾਇਜ਼ਾ ਲਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਹੋਣ ਲਈ ਕਿਹਾ।ਮਰੀਜ਼ ਨੇ ਸਿਰਫ਼ ਇੱਕ ਟੀਕਾ ਲਗਾਉਣ 'ਤੇ ਜ਼ੋਰ ਦਿੱਤਾ, ਉਹ ਦਾਖ਼ਲ ਨਹੀਂ ਸੀ ਹੋਣਾ ਚਾਹੁੰਦਾ। ਆਖ਼ਰਕਾਰ ਉਹ ਬਿਨਾਂ ਇਲਾਜ ਕਰਵਾਏ ਹੀ ਚਲਾ ਗਿਆ। ਡਾ. ਹਰਵੀਨ ਨੇ ਕਿਹਾ ਕਿ ਅਕਸਰ ਲੋਕ ਸੱਪ ਦੇ ਡੰਗਣ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। 

ਜਾਣੋਂ ਸੱਪ ਦੇ ਡੰਗਣ ਤੋਂ ਬਾਅਦ ਕੀ ਆਉਂਦੀ ਹੈ ਸਮੱਸਿਆ 
ਐੱਸ.ਐੱਮ. ਓ. ਡਾ. ਪਰਮਜੀਤ ਸਿੰਘ ਮੁਤਾਬਕ ਸੱਪ ਦੇ ਡੰਗਣ ਤੋਂ ਬਾਅਦ ਨਿਯੂਰੋਟਾਕਸਿਕ ਤੇ ਹਿਯੂਮੋਟਾਕਸਿਕ ਦੀ ਸਮੱਸਿਆ ਆਉਂਦੀ ਹੈ। ਦੋਵਾਂ ਹਲਾਤਾਂ 'ਚ ਪੇਟ ਦਰਦ, ਬਲੱਡ ਪ੍ਰੈਸ਼ਰ ਘਟਣਾ ਤੇ ਸਾਹ ਲੈਣ ਦੀ ਸਮੱਸਿਆ ਆਉਂਦੀ ਹੈ। ਸਿਵਲ ਚ ਦਵਾਈਆਂ ਪੂਰੀਆਂ ਰਹਿੰਦੀਆਂ ਹਨ ਪਰ ਮਰੀਜ਼ ਘਰੇਲੂ ਟੋਟਕੇ ਕਰਨ 'ਚ ਸਮਾਂ ਬਰਬਾਦ ਕਰ ਦਿੰਦੇ ਹਨ। ਇਸ ਕਾਰਨ ਸਰੀਰ 'ਚ ਜ਼ਹਿਰ ਤੇਜ਼ੀ ਨਾਲ ਫੈਲਦਾ ਹੈ ਤੇ ਸਮੇਂ 'ਤੇ ਦਵਾਈ ਨਾ ਮਿਲਣ ਕਾਰਨ ਮੌਤ ਵੀ ਹੋ ਸਕਦੀ ਹੈ।


author

Anuradha

Content Editor

Related News