ਸ਼ਹਿਰ ''ਚ ਅਵਾਰਾ ਕੁੱਤਿਆਂ ਦੀ ਭਰਮਾਰ, ਰੋਜ਼ਾਨਾ 10 ਤੋਂ 15 ਲੋਕਾਂ ਨੂੰ ਕੱਟ ਰਹੇ ਹਨ ਕੁੱਤੇ

08/11/2022 2:59:29 PM

ਜਲੰਧਰ : ਸ਼ਹਿਰ 'ਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਵਲ ਹਸਪਤਾਲ 'ਚ ਰੋਜ਼ਾਨਾ ਔਸਤਨ 13 ਕੇਸ ਆਉਂਦੇ ਹਨ। ਜੂਨ ਤੋਂ ਹੁਣ ਤੱਕ 546 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਜ਼ਿਆਦਾਤਰ ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ। ਮਹੀਨੇ 'ਚ 5 ਤੋਂ 10 ਕੇਸ ਨਿੱਜੀ ਹਸਪਤਾਲਾਂ 'ਚ ਪਹੁੰਚ ਰਹੇ ਹਨ। 
ਗਲੀਆਂ 'ਚ ਖੇਡਦੇ ਛੋਟੇ ਬੱਚੇ ਤੇ ਸਾਈਕਲ ਸਵਾਰ ਕੁੱਤਿਆਂ ਦਾ ਵਧੇਰੇ ਸ਼ਿਕਾਰ ਹੋਏ ਹਨ। ਮੰਗਲਵਾਰ ਨੂੰ ਸਿਵਲ ਹਸਪਤਾਲ 'ਚ ਕੁੱਤਿਆਂ ਦੇ ਕੱਟਣ ਦੇ 13 ਮਾਮਲੇ ਸਾਹਮਣੇ ਆਏ ਹਨ।ਡਾ. ਹਰਵੀਨ ਕੌਰ ਨੇ ਦੱਸਿਆ ਕਈ ਵਾਰ ਜ਼ਖ਼ਮ 2 ਇੰਚ ਤੱਕ ਡੂੰਘੇ ਹੁੰਦੇ ਹਨ। ਅਜਿਹੇ ਮਰੀਜ਼ਾਂ ਨੂੰ ਮੈਡੀਕਲ ਕਾਲਜ ਜਾਂ ਹੋਰ ਸਰਕਾਰੀ ਹਸਪਤਾਲਾਂ 'ਚ ਭੇਜਿਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ 'ਚ ਐਂਟੀ ਰੇਬਿਜ਼ ਤੇ ਐਂਟੀ ਰੇਬਿਜ਼ ਇਮਿਊਨੋਗਲੋਬਿਨ ਦੇ ਟੀਕੇ ਲਗਾਏ ਜਾ ਰਹੇ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕੁੱਤਾ ਵੱਢਦਾ ਹੈ ਤਾਂ ਜ਼ਖ਼ਮ ਨੂੰ ਸਾਬਣ ਨਾਲ ਧੋ ਕੇ ਹਸਪਤਾਲ ਚ ਇਲਾਜ ਕਰਵਾਓ।

ਰਿਕਵਰੀ 'ਤੇ 50 ਹਜ਼ਾਰ ਰੁਪਏ ਤੱਕ ਦਾ ਆਉਂਦੈ ਖਰਚਾ
ਗੜ੍ਹਾ 'ਚ 21 ਤੇ 25 ਸਾਲਾ ਭੈਣਾਂ ਨੂੰ ਘਰ 'ਚ ਰੱਖੇ ਪਿਟਬੁਲ ਨੇ ਵੱਢ  ਲਿਆ। ਉਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ, ਪਰ ਡਾਕਟਰ ਛੁੱਟੀ 'ਤੇ ਹੋਣ ਕਾਰਨ ਉਸ ਨੂੰ ਪੀਜੀਆਈ ਭੇਜ ਦਿੱਤਾ ਗਿਆ ਪਰ ਉਸ ਦੇ ਪਰਿਵਾਰਕ ਮੈਂਬਰ ਮਰੀਜ਼ ਨੂੰ ਪਿਮਸ ਹਸਪਤਾਲ ਲੈ ਆਏ। ਬੱਚੀ ਨੂੰ ਸੋਮਵਾਰ ਰਾਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਨੇ ਦੱਸਿਆ ਕਿ ਇਲਾਜ ਤੇ 50 ਹਜ਼ਾਰ ਰੁਪਏ ਖ਼ਰਚ ਆਏ ਹਨ ਤੇ ਡਾਕਟਰਾਂ ਨੇ ਜ਼ਖ਼ਮ ਠੀਕ ਹੋਣ ਤੇ ਪਲਾਸਟਿਕ ਸਰਜਰੀ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ : ਮਾਲੇਰਕੋਟਲਾ 'ਚ ਮਨਾਇਆ ਰੱਖੜੀ ਦਾ ਤਿਉਹਾਰ, ਭੈਣਾਂ ਨੇ ਭਰਾਵਾਂ ਦੇ ਗੁੱਟ 'ਤੇ ਬੰਨ੍ਹੀ ਰੱਖੜੀ

ਮਰੀਜ਼ ਦੇ ਠੀਕ ਹੋਣ 'ਚ ਲੱਗਦੈ ਇਕ ਮਹੀਨੇ ਤੋਂ ਵੱਧ ਸਮਾਂ
ਪਲਾਸਟਿਕ ਸਰਜਨ ਡਾ. ਪੁਨੀਤ ਪਸਰੀਚਾ ਨੇ ਦੱਸਿਆ ਕਿ ਪਲਾਸਟਿਕ ਸਰਜਰੀ 'ਚ ਜ਼ਿਆਦਾ ਸਮੱਸਿਆ ਆਉਂਦੀ ਹੈ। ਬੱਚਿਆਂ ਤੋਂ ਇਲਾਵਾ ਬਜ਼ੁਰਗ ਵੀ ਪਲਾਸਟਿਕ ਸਰਜਰੀ ਦੇ ਮਾਮਲੇ 'ਚ ਆ ਰਹੇ ਹਨ। ਬੈਕਟੀਰੀਆ ਦੀ ਲਾਗ ਕਾਰਨ ਦਵਾਈ ਸਾਵਧਾਨੀ ਨਾਲ ਦੇਣੀ ਪੈਂਦੀ ਹੈ। ਮਰੀਜ਼ ਨੂੰ ਠੀਕ ਹੋਣ 'ਚ ਇਕ ਮਹੀਨੇ ਤੋਂ ਵੱਧ ਸਮਾਂ ਲੱਗਦਾ ਹੈ।

ਨਸਬੰਦੀ ਪ੍ਰਾਜੈਕਟ ਮਹੀਨੀਆਂ ਤਕ ਬੰਦ ਪਿਆ ਰਿਹਾ
ਨਗਰ ਨਿਗਮ ਸਤੰਬਰ 2018 ਤੋਂ ਹੁਣ ਤਕ ਕਰੀਬ 25 ਹਜ਼ਾਰ ਕੁੱਤਿਆਂ ਦੀ ਨਸਬੰਦੀ ਕਰ ਚੁੱਕਿਆ ਹੈ। ਆਮ ਦਿਨਾਂ 'ਚ 25 ਤੋਂ 30 ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ ਪਰ ਮਾਨਸੂਨ 'ਚ ਇਹ ਅੰਕੜਾ 10 ਤੋਂ 15 ਰਹਿ ਜਾਂਦਾ ਹੈ। ਨਿਗਮ ਅਨੁਸਾਰ ਸ਼ਹਿਰ 'ਚ 60 ਹਜ਼ਾਰ ਦੇ ਕਰੀਬ ਕੁੱਤੇ ਹਨ ਤੇ ਸਿਰਫ਼ 25 ਹਜ਼ਾਰ ਦੀ ਨਸਬੰਦੀ ਹੋ ਸਕੀ ਹੈ। ਇਸ ਸਾਲ ਜਨਵਰੀ 'ਚ ਠੇਕੇਦਾਰ ਨੇ ਅਦਾਇਗੀ ਨਾ ਹੋਣ ਕਾਰਨ ਕੰਮ ਅੱਧ ਵਿਚਾਲੇ ਛੱਡ ਦਿੱਤਾ ਸੀ। ਇਹ ਠੇਕਾ ਇਸ ਸਾਲ 25 ਜਨਵਰੀ ਨੂੰ ਖ਼ਤਮ ਹੋ ਗਿਆ ਸੀ ਤੇ ਨਵੇਂ ਟੈਂਡਰ ਨੂੰ ਹਾਊਸ ਚ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ। ਨਿਗਨ ਕਮਿਸ਼ਨਰ ਨੇ ਪੁਰਾਣੇ ਠੇਕੇਦਾਰ ਦਾ ਠੇਕਾ ਵਧਾ ਦਿੱਤਾ ਹੈ।
 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News