ਜਾਣੋ GTL ਬੀਮਾ ਕਿਹੜੇ ਮੁਲਾਜ਼ਮਾਂ ਲਈ ਹੁੰਦਾ ਹੈ ਖਾਸ

07/06/2019 1:17:12 PM

ਨਵੀਂ ਦਿੱਲੀ — ਗਰੁੱਪ ਟਰਮ ਲਾਈਫ ਇੰਸ਼ੋਰੈਂਸ (GTL) ਇਕ ਅਜਿਹਾ ਬੀਮਾ ਹੈ ਜੋ ਕੰਪਨੀ ਆਪਣੇ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਉਂਦੀ ਹੈ। ਇਹ ਸਿਰਫ਼ ਇਕ ਸਾਲ ਦੀ ਪਾਲਸੀ ਹੁੰਦੀ ਹੈ ਜਿਸ ਨੂੰ ਹਰ ਸਾਲ ਰਿਨਿਊ ਕੀਤਾ ਜਾਂਦਾ ਹੈ। ਇਕ ਮੁਲਾਜ਼ਮ ਹੋਣ ਦੇ ਨਾਤੇ ਤੁਹਾਨੂੰ ਇਸ ਇੰਸ਼ੋਰੈਂਸ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। 

ਕੰਪਨੀ 'ਚ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਾਲਿਸੀ ਜਾਰੀ ਹੋਣ ਦੀ ਤਰੀਕ ਤੋਂ ਕਵਰ ਮਿਲਦਾ ਹੈ ਅਤੇ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਦੀ ਤਰੀਕ ਤੋਂ ਕਵਰ ਮਿਲਦਾ ਹੈ। ਹਰੇਕ ਕੰਪਨੀ ਆਪਣੇ ਹਿਸਾਬ ਨਾਲ ਮੁਲਾਜ਼ਮਾਂ ਨੂੰ ਲਾਈਫ ਕਵਰੇਜ ਮੁਹੱਈਆ ਕਰਵਾਉਂਦੀ ਹੈ।

ਕੁਝ ਅਦਾਰੇ ਫਲੈਟ ਕਵਰ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਹਰੇਕ ਮੁਲਾਜ਼ਮ 5 ਲੱਖ ਰੁਪਏ। ਕੁਝ ਆਰਗੇਨਾਈਜ਼ੇਸ਼ਨ ਵੱਖ-ਵੱਖ ਕਵਰ ਦੇਣ ਦੀ ਆਪਸ਼ਨ ਚੁਣਦੇ ਹਨ ਜਿਵੇਂ ਮੁਲਾਜ਼ਮਾਂ ਲਈ 5 ਲੱਖ ਰੁਪਏ, ਮੈਨੇਜਮੈਂਟ ਲਈ 10 ਲੱਖ ਰੁਪਏ ਅਤੇ ਵੱਡੇ ਅਧਿਕਾਰੀਆਂ ਲਈ 15 ਲੱਖ ਰੁਪਏ ਆਦਿ।

ਕਈ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਉਸ ਦੀ ਸਾਲਾਨਾ ਸੀਟੀਸੀ ਦੇ ਆਧਾਰ 'ਤੇ ਲਾਈਫ ਕਵਰ ਮੁਹੱਈਆ ਕਰਵਾਉਂਦੀਆਂ ਹਨ। ਜਿਵੇਂ ਕਿਸੇ ਮੁਲਾਜ਼ਮ ਦੀ ਸੀਟੀਸੀ 5 ਲੱਖ ਰੁਪਏ ਹੈ ਤਾਂ ਇਸ ਦੀ ਤਿੰਨ ਗੁਣਾ ਯਾਨਿ ਕਿ ਲਗਪਗ 15 ਲੱਖ ਰੁਪਏ ਕਵਰ ਦਿੱਤਾ ਜਾਵੇਗਾ।

ਕਈ ਵੱਡੇ ਅਦਾਰੇ ਮੁਲਾਜ਼ਮਾਂ ਨੂੰ ਲਾਈਫ ਅਤੇ ਹੈਲਥ ਇੰਸ਼ੋਰੈਂਸ ਕਵਰ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਰਾਸ਼ੀ ਦਾ ਜ਼ਿਕਰ ਕਰਦੇ ਹਨ। ਜਿਨ੍ਹਾਂ ਦਾ ਜ਼ਿਕਰ ਮੁਲਾਜ਼ਮਾਂ ਨੂੰ ਦਿੱਤੇ ਗਏ ਅਪੁਆਇੰਟਮੈਂਟ ਲੈਟਰ ਵਿਚ ਹੁੰਦਾ ਹੈ ਤਾਂ ਜੋ ਮੁਲਾਜ਼ਮ ਇਨ੍ਹਾਂ ਦਾ ਲਾਭ ਉਠਾ ਸਕਣ।

ਗਰੁੱਪ ਦੇ ਅਕਾਰ, ਗਰੁੱਪ ਦੀ ਔਸਤ ਉਮਰ, ਸਮ ਐਸ਼ਿਓਰਡ, ਪਿਛਲੀ ਮੌਤ ਦਰ ਦਾ ਅਨੁਭਵ ਅਤੇ ਹੋਰ ਕਾਰਕਾਂ ਦੇ ਆਧਾਰ 'ਤੇ ਇੰਸ਼ੋਰੈਂਸ ਕੰਪਨੀ ਪ੍ਰੀਮਿਅਮ ਤੈਅ ਕਰਦੀ ਹੈ। ਆਰਗੇਨਾਈਜ਼ੇਸ਼ਨ ਪ੍ਰੀਮਿਅਮ ਭਰਦੀ ਹੈ ਅਤੇ ਉਸ ਨੂੰ ਇਕ ਮਾਸਟਰ ਪਾਲਿਸੀ ਜਾਰੀ ਕੀਤੀ ਜਾਂਦੀ ਹੈ।

ਪ੍ਰੀਮਿਅਮ ਦਾ ਭੁਗਤਾਨ ਆਰਗੇਨਾਈਜ਼ੇਸ਼ਨ ਕਰਦੀ ਹੈ ਜੋ ਕਿ ਬਿਜ਼ਨੈੱਸ ਦੇ ਖ਼ਰਚ ਵਿਚ ਸ਼ਾਮਲ ਹੈ। ਇਸ ਲਈ ਮੁਲਾਜ਼ਮ ਆਪਣੇ ਉੱਪਰ ਜੀਵਨ ਬੀਮਾ ਲਈ ਦਿੱਤੇ ਗਏ ਪ੍ਰੀਮੀਅਮ 'ਤੇ ਟੈਕਸ ਵਿਚ ਛੋਟ ਦਾ ਲਾਭ ਨਹੀਂ ਉਠਾ ਸਕਦੇ।

ਹਰੇਕ ਗਰੁੱਪ ਲਾਈਫ ਇੰਸ਼ੋਰੈਂਸ ਪਾਲਿਸੀ ਆਮ ਤੌਰ 'ਤੇ ਫ੍ਰੀ ਕਵਰ ਲਿਮਟ ਜਾਂ ਬਿਨਾਂ ਮੈਡੀਕਲ ਲਿਮਟ ਨਾਲ ਆਉਂਦੀ ਹੈ। ਗਰੁੱਪ ਟਰਮ ਲਾਈਫ ਇੰਸ਼ੋਰੈਂਸ ਦੀ ਇਹ ਖ਼ੂਬੀ ਕਾਫ਼ੀ ਵੱਖਰੀ ਹੈ। ਇਸ ਲਿਮਟ ਨੂੰ ਔਸਤ ਉਮਰ, ਗਰੁੱਪ ਦੇ ਅਕਾਰ ਅਤੇ ਕੁੱਲ ਸਮ ਐਸ਼ਿਓਰਡ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।

ਲਿਮਟ ਅੰਦਰ ਆਉਣ ਵਾਲੇ ਮੁਲਾਜ਼ਮ ਆਪਣੇ-ਆਪ ਕਵਰ ਹੋ ਜਾਂਦੇ ਹਨ। ਲਿਮਟ ਤੋਂ ਬਾਹਰ ਵਾਲੇ ਮੁਲਾਜ਼ਮਾਂ ਨੂੰ ਸਿਹਤ ਪ੍ਰਤੀ ਸਵਾਲ ਕੀਤੇ ਜਾਂਦੇ ਹਨ, ਚੰਗੀ ਸਿਹਤ ਦੇ ਪੁਸ਼ਟੀਕਰਨ 'ਤੇ ਸਾਈਨ ਕਰਵਾਉਣ ਜਾਂਦੇ ਹਨ ਜਾਂ ਫਿਰ ਮੈਡੀਕਲ ਟੈਸਟ ਲਈ ਕਿਹਾ ਜਾਂਦਾ ਹੈ।

ਜੋ ਮੁਲਾਜ਼ਮ ਇਨ੍ਹਾਂ ਗੱਲਾਂ 'ਤੇ ਖ਼ਰਾ ਨਹੀਂ ਉਤਰਦਾ ਹੈ ਉਸ ਨੂੰ ਲਾਈਫ ਕਵਰ ਤੋਂ ਵਾਂਝੇ ਰੱਖਿਆ ਜਾਂਦਾ ਹੈ, ਪਰ ਉਸ ਦਾ ਲਾਈਫ ਕਵਰ ਫ੍ਰੀ ਕਵਰ ਸੀਮਾ ਅੰਦਰ ਰਹਿੰਦਾ ਹੈ। ਜਿਵੇਂ ਇਕ ਅਦਾਰਾ ਮੁਲਾਜ਼ਮ ਨੂੰ 10 ਲੱਖ ਰੁਪਏ ਦੀ ਫ੍ਰੀ ਕਵਰ ਲਿਮਟ ਦੇ ਰਿਹਾ ਹੈ ਪਰ ਮੁਲਾਜ਼ਮ 50 ਲੱਖ ਰੁਪਏ ਦੇ ਕਵਰ ਲਈ ਹੱਕਦਾਰ ਹੈ ਅਤੇ ਮੈਡੀਕਲ ਟੈਸਟ ਵਿਚ ਫੇਲ੍ਹ ਹੋ ਜਾਂਦਾ ਹੈ ਤਾਂ ਉਸ ਦਾ ਲਾਈਫ ਕਵਰ 10 ਲੱਖ ਰੁਪਏ ਹੋ ਜਾਵੇਗਾ।

ਗਰੁੱਪ ਟਰਮ ਲਾਈਫ ਇੰਸ਼ੋਰੈਂਸ ਪਾਲਿਸੀ ਤਹਿਤ ਨੌਕਰੀ ਵਿਚ ਰਹਿੰਦੇ ਹੋਏ ਜੇਕਰ ਮੁਲਾਜ਼ਮ ਦਾ ਦੇਹਾਂਤ ਹੁੰਦਾ ਹੈ ਤਾਂ ਨੌਮਿਨੀ ਨੂੰ ਬੀਮਾ ਕੰਪਨੀ ਤੈਅ ਰਕਮ ਦਾ ਭੁਗਤਾਨ ਕਰਦੀ ਹੈ।


Related News