ਕਬਾੜ ਜਾਂ ਚੋਰੀ ਹੋ ਚੁੱਕਾ ਹੈ ਵਾਹਨ, ਤਾਂ ਮੁਸੀਬਤ ਤੋਂ ਬਚਣ ਲਈ ਜ਼ਰੂਰ ਕਰੋ ਇਹ ਕੰਮ

08/22/2019 1:10:33 PM

ਨਵੀਂ ਦਿੱਲੀ — ਵਾਹਨ ਦੇ ਚੋਰੀ ਹੋਣ ਜਾਂ ਦੁਰਘਟਨਾਗ੍ਰਸਤ ਹੋਣ ਦੀ ਸਥਿਤੀ ਵਿਚ ਤੁਸੀਂ ਹਮੇਸ਼ਾਂ ਬੀਮੇ ਦੇ ਦਾਅਵੇ ਬਾਰੇ ਸੋਚੋਗੇ।  ਖਾਸ ਤੌਰ 'ਤੇ ਜਦੋਂ ਤੁਹਾਡਾ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੋਵੇ ਅਤੇ ਤੁਹਾਨੂੰ ਇਸ ਨੂੰ ਕਬਾੜ ਵਿਚ ਵੇਚਣ ਦੀ ਜ਼ਰੂਰਤ ਮਹਿਸੂਸ ਹੋਵੇ।  ਤੁਸੀਂ ਦਾਅਵਾ ਕਰ ਸਕਦੇ ਹੋ ਜੇਕਰ ਤੁਹਾਡੇ ਵਾਹਨ ਦੀ ਮੁਰੰਮਤ ਲਾਗਤ ਬੀਮਾਯੁਕਤ ਘੋਸ਼ਿਤ ਮੁੱਲ(IDV ) ਦੇ 75 ਫੀਸਦੀ ਤੋਂ ਜ਼ਿਆਦਾ ਹੋਵੇ। IDV  ਤੁਹਾਡੇ ਵਾਹਨ ਦੀ ਅੰਦਾਜ਼ਨ ਕੀਮਤ ਹੁੰਦੀ ਹੈ। ਪਰ ਜੇ ਤੁਸੀਂ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਆਪਣਾ ਵਾਹਨ ਵੇਚ ਦਿੰਦੇ ਹੋ ਤਾਂ ਤੁਸੀਂ ਕਿਸੇ ਬਿਨਾਂ ਬੁਲਾਈ ਮੁਸੀਬਤ 'ਚ ਫੱਸ ਸਕਦੇ ਹੋ। 

ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (IRDAI) ਵਲੋਂ ਜਾਰੀ ਕੀਤੇ ਇਕ ਸਰਕੂਲਰ 'ਚ ਸਕ੍ਰੈਪ ਡੀਲਰਾਂ ਨੂੰ ਵੇਚੇ ਗਏ ਵਾਹਨਾਂ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਬਾਰੇ ਦੱਸਿਆ ਗਿਆ ਹੈ। ਅਜਿਹੇ 'ਚ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਚੋਰ ਸਕ੍ਰੈਪ ਡੀਲਰਾਂ ਨੂੰ ਵੇਚੇ ਗਏ ਵਾਹਨਾਂ ਦੇ ਇੰਜਨ ਅਤੇ ਚੈਸੀ ਨੰਬਰ ਦੀ ਵਰਤੋਂ ਚੋਰੀ ਦੇ ਵਾਹਨਾਂ ਲਈ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਚੋਰੀ ਹੋਏ ਵਾਹਨਾਂ ਦੀ ਇਕ ਫਰਜ਼ੀ ਪਛਾਣ ਤਿਆਰ ਕਰ ਲੈਂਦੇ ਹਨ। ਹੁਣ ਇਸ ਤਰੀਕੇ ਨਾਲ ਜੇਕਰ ਤੁਹਾਡੇ ਵਾਹਨ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਦਸਤਾਵੇਜ਼ ਜਿਸਦੇ ਨਾਮ 'ਤੇ ਦਰਜ ਹੈ ਉਹ ਮੁਸੀਬਤ ਵਿਚ ਪੈ ਸਕਦਾ ਹੈ।

ਮੋਟਰ  ੍ਹਹੀਕਲ ਐਕਟ 1988 ਦੀ ਧਾਰਾ 55 ਅਨੁਸਾਰ ਜੇ ਕੋਈ ਮੋਟਰ ਵਾਹਨ ਕਬਾੜ ਹੋ ਗਿਆ ਹੈ ਜਾਂ ਵਰਤੋਂ ਦੀ ਸਥਿਤੀ ਵਿਚ ਨਹੀਂ ਹੈ, ਤਾਂ ਮਾਲਕ ਨੂੰ 14 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਅਥਾਰਟੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਆਮ ਤੌਰ 'ਤੇ ਇਹ ਜਾਣਕਾਰੀ ਉਸੇ ਖੇਤਰ ਦੇ ਰਜਿਸਟ੍ਰੇਸ਼ਨ ਅਥਾਰਟੀ ਨੂੰ ਦੇਣੀ ਹੋਵੇਗੀ ਜਿੱਥੇ ਵਾਹਨ ਦੀ ਵਰਤੋਂ ਹੁੰਦੀ ਰਹੀ ਹੈ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਸਬੰਧਤ ਅਥਾਰਟੀ ਨੂੰ ਜਮ੍ਹਾ ਕਰਵਾਉਣੀ ਹੁੰਦੀ ਹੈ। ਜੇਕਰ ਇਹ ਉਹ ਅਸਲ ਅਥਾਰਟੀ ਹੋਵੇਗੀ ਜਿਥੇ ਵਾਹਨ ਰਜਿਸਟਰ ਹੋਇਆ ਸੀ ਤਾਂ ਅਥਾਰਟੀ ਆਰਸੀ ਨੂੰ ਰੱਦ ਕਰ ਦੇਵੇਗੀ ਅਤੇ ਜੇਕਰ ਇਹ ਉਹ ਅਥਾਰਟੀ ਨਹੀਂ ਹੈ, ਤਾਂ ਇਹ ਆਰਸੀ ਨੂੰ ਅਸਲ ਰਜਿਸਟਰੀਕਰਣ ਅਥਾਰਟੀ ਨੂੰ ਭੇਜ ਦੇਵੇਗੀ। 

ਆਰਸੀ ਨੂੰ ਰੱਦ ਕਰਨ ਲਈ ਕੋਈ ਫੀਸ ਨਹੀਂ ਹੈ। IRDAI ਨੇ ਬੀਮਾ ਕੰਪਨੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇ ਪਾਲਿਸੀ ਧਾਰਕ ਵਾਹਨ ਦੇ ਪੂਰੀ ਤਰਾਂ ਨਾਲ ਨੁਕਸਾਨ ਹੋਣ ਦੀ ਸਥਿਤੀ ਵਿਚ ਦਾਅਵੇ ਲਈ ਆਉਂਦਾ ਹੈ ਤਾਂ ਉਸਦੀ ਗੱਡੀ ਦੀ ਆਰਸੀ ਰੱਦ ਹੋਣੀ ਚਾਹੀਦੀ ਹੈ। ਇਕ ਮੋਟਰ ਵਾਹਨ ਦਾ ਮਾਲਕ ਹੋਣ ਦੇ ਨਾਤੇ, ਤੁਹਾਨੂੰ ਹਮੇਸ਼ਾਂ ਇਹਨਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਮੁਸੀਬਤ ਵਿਚ ਫਸਣ ਤੋਂ ਬਚਣ ਲਈ ਆਪਣੇ ਕਬਾੜ ਜਾਂ ਚੋਰੀ ਹੋਏ ਵਾਹਨ ਦੇ ਆਰਸੀ ਨੂੰ ਰੱਦ ਕਰਵਾਉਣਾ ਚਾਹੀਦਾ ਹੈ।


Related News