ਬਚਣਾ ਚਾਹੁੰਦੇ ਹੋ ਵਾਧੂ ਖਰਚਿਆਂ ਤੋਂ ਤਾਂ ਅਪਣਾਓ ਇਹ ਚਾਰ ਤਰੀਕੇ

02/09/2019 1:04:57 PM

ਨਵੀਂ ਦਿੱਲੀ — ਕਈ ਵਾਰ ਅਸੀਂ ਕਿੰਨਾ ਕਮਾਉਂਦੇ ਹਾਂ ਇਹ ਮਾਇਨੇ ਨਹੀਂ ਰੱਖਦਾ ਅਤੇ ਨਾ ਹੀ ਇਸ ਨਾਲ ਕੋਈ ਮਤਲਬ ਰਹਿ ਜਾਂਦਾ ਹੈ ਕਿ ਅਸੀਂ ਕਿੰਨਾ ਨਿਵੇਸ਼ ਕਰ ਰਹੇ ਹਾਂ। ਤੁਸੀਂ ਭਾਵੇਂ ਜਿੰਨੀ ਮਰਜ਼ੀ ਬਚਤ ਕਰਨ ਦੀ ਕੋਸ਼ਿਸ਼ ਕਰ ਲਓ, ਜਦੋਂ ਤੱਕ ਅਗਲੇ ਮਹੀਨੇ ਦੀ ਤਨਖਾਹ ਖਾਤੇ ਵਿਚ ਨਹੀਂ ਆਉਂਦੀ ਉਸ ਸਮੇਂ ਤੱਕ ਪਿਛਲੀ ਤਨਖਾਹ ਵਿਚੋਂ ਕੁਝ ਵੀ ਨਹੀਂ ਬਚਿਆ ਹੁੰਦਾ। ਪਰ ਜੇਕਰ ਤੁਸੀਂ ਮੌਜੂਦਾ ਸਮੇਂ ਵਿਚ ਨਾ ਤਾਂ ਬਚਤ ਕਰ ਰਹੇ ਹੋ ਅਤੇ ਨਾ ਹੀ ਨਿਵੇਸ਼ ਤਾਂ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ। 

ਜਿਸ ਸਮੇਂ ਦੌਰਾਨ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਤਨਖਾਹ ਮਿਲ ਜਾਂਦੀ ਹੈ ਪਰ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਤਾਂ ਉਸ ਸਮੇਂ ਬਚਤ ਨਾ ਕਰਨ ਦਾ ਪਛਤਾਵਾਂ ਜ਼ੂਰਰ ਹੁੰਦਾ ਹੈ। ਨਿਵੇਸ਼ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਭਵਿੱਖ ਵਿਚ ਇਸ ਦਾ ਫਾਇਦਾ ਮਿਲੇਗਾ। ਅੱਜ ਅਸੀਂ ਤੁਹਾਨੂੰ ਜ਼ਿਆਦਾ ਖਰਚੇ ਤੋਂ ਬਚਣ ਦੇ ਤਰੀਕੇ ਦੱਸ ਰਹੇ ਹਾਂ।

ਮੈਪ ਤਿਆਰ ਕਰੋ

ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਪੈਸੇ ਖਰਚ ਕਰਨ ਬਾਰੇ ਸੋਚਣਾ ਚਾਹੀਦਾ ਹੈ। ਬਚਤ ਕਰਨ ਤੋਂ ਬਾਅਦ ਜੋ ਬਚਦਾ ਹੈ ਉਸ ਨੂੰ ਖਰਚ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਇਹ ਥੋੜ੍ਹਾ ਬੇਤੁਕਾ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਤੁਸੀਂ ਪਹਿਲੇ ਤੋਂ ਪੈਸੇ ਕਿਵੇਂ ਬਚਾ ਸਕਦੇ ਹੋ। ਤੁਹਾਨੂੰ ਬੱਸ ਆਪਣੇ ਮਹੀਨਾਵਾਰ ਖਰਚੇ ਨੂੰ ਟ੍ਰੈਕ ਕਰਨਾ ਹੈ ਅਤੇ ਫਿਰ ਅਗਲੇ ਮਹੀਨੇ ਦੇ ਹਿਸਾਬ ਨਾਲ ਆਪਣੇ ਖਰਚਿਆਂ ਦੀ ਯੋਜਨਾ ਬਣਾਉਣੀ ਹੈ। ਇਕ ਵਾਰ ਜਦੋਂ ਤੁਹਾਨੂੰ ਆਪਣੇ ਜ਼ਰੂਰੀ ਖਰਚਿਆਂ ਦਾ ਅੰਦਾਜ਼ਾ ਹੋ ਜਾਵੇਗਾ, ਫਿਰ ਜਦੋਂ ਵੀ ਤੁਹਾਡੀ ਸੈਲਰੀ ਆਵੇਗੀ ਤਾਂ ਤੁਸੀਂ ਪਹਿਲਾਂ ਤੋਂ ਹੀ ਬਾਕੀ ਬਚਤ ਕਰ ਸਕਦੇ ਹੋ।

ਤਰਜੀਹ ਨੂੰ ਤੈਅ ਕਰੋ

ਕਈ ਲੋਕ ਇਹ ਕਹਿੰਦੇ ਹਨ ਕਿ ਉਹ ਪੈਸੇ ਦੀ ਬਚਤ ਤਾਂ ਕਰਨਾ ਚਾਹੁੰਦੇ ਹਨ ਪਰ ਖਰਚਾ ਇੰਨਾ ਹੋ ਜਾਂਦਾ ਹੈ ਕਿ ਬਚਤ ਹੀ ਨਹੀਂ ਕਰ ਪਾਉਂਦੇ। ਇਸ ਲਈ ਪਹਿਲਾਂ ਤੁਹਾਨੂੰ ਆਪਣੇ ਮੁਢਲੇ ਖਰਚੇ ਤੈਅ ਕਰਨੇ ਹੋਣਗੇ। ਆਪਣੇ ਲੋਨ ਦਾ ਭੁਗਤਾਨ, ਮਕਾਨ ਦਾ ਕਿਰਾਇਆ ਆਦਿ ਦੀ ਸੂਚੀ ਬਣਾ ਕੇ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਹਰ ਮਹੀਨੇ ਆਪਣੀ ਤਰਜੀਹ ਸੂਚੀ ਦੇ ਟਾਪ 'ਤੇ ਆਈਆਂ ਚੀਜ਼ਾਂ ਦੇ ਬਾਰੇ 'ਚ ਸੋਚੋ।

ਹੋਰ ਕਮਾਈ ਬਾਰੇ ਸੋਚੋ

ਕੁਝ ਲੋਕ ਸਿਰਫ ਇੰਨਾ ਹੀ ਕਮਾ ਪਾਉਂਦੇ ਹਨ ਜਿਸ ਨਾਲ ਕਿ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਹੀ ਪੂਰੀਆਂ ਹੋ ਸਕਣ। ਇਸ ਤੋਂ ਬਚਣ ਦੇ ਦੋ ਤਰੀਕੇ ਹਨ ਜਾਂ ਤਾਂ ਤੁਸੀਂ ਆਪਣੀ ਆਮਦਨ ਵਧਾਓ ਜਾਂ ਓਵਰਟਾਈਮ ਕਰ ਸਕਦੇ ਹੋ। ਹਰ ਮਹੀਨੇ ਥੋੜ੍ਹਾ ਜ਼ਿਆਦਾ ਕਮਾ ਕੇ ਬਚਤ ਖਾਤੇ ਲਈ ਪੈਸਾ ਵੀ ਇਕੱਠਾ ਕਰ ਸਕੋਗੇ ਅਤੇ ਵਿਆਜ ਵੀ ਮਿਲ ਜਾਵੇਗਾ। ਇਕ ਵਾਰ ਜਦੋਂ ਤੁਹਾਡੇ ਕੋਲ ਬਚਤ ਖਾਤੇ ਵਿਚ ਲੋੜੀਂਦੀ ਰਾਸ਼ੀ ਹੋ ਜਾਂਦੀ ਹੈ, ਤਾਂ ਤੁਸੀਂ ਘੱਟ ਤੋਂ ਘੱਟ ਜੋਖਮ ਵਾਲੇ ਨਿਵੇਸ਼ ਬਾਰੇ ਪਤਾ ਲਗਾ ਕੇ ਉਸ ਸਕੀਮ ਵਿਚ ਨਿਵੇਸ਼ ਕਰ ਸਕਦੇ ਹੋ।

ਕ੍ਰੈਡਿਟ ਅਤੇ ਲੋਨ ਦੇ ਭਰਮਜਾਲ ਤੋਂ ਬਚੋ

ਕ੍ਰੈਡਿਟ ਕਾਰਡ ਬਹੁਤ ਜ਼ਰੂਰੀ ਚੀਜ਼ ਹੈ, ਇਸ ਦੇ ਜ਼ਰੀਏ ਬਸ ਤੁਹਾਨੂੰ ਕਾਰਡ ਸਵਾਈਪ ਕਰਕੇ ਪੈਸਾ ਖਰਚ ਕਰਨਾ ਹੁੰਦਾ ਹੈ। ਪਰ ਕ੍ਰੈਡਿਟ ਕਾਰਡ ਜ਼ਰੀਏ ਕਈ ਵਾਰ ਜ਼ਿਆਦਾ ਪੈਸਾ ਖਰਚ ਹੋ ਜਾਂਦਾ ਹੈ। ਜੇਕਰ ਤੁਸੀਂ ਨਕਦ ਭੁਗਤਾਨ ਕਰ ਰਹੇ ਹੋ ਤਾਂ ਤੁਹਾਡੇ ਕੋਲ ਪੈਸਾ ਖਰਚ ਕਰਨ ਦੀ ਇਕ ਲਿਮਟ ਹੁੰਦੀ ਹੈ। ਆਪਣੇ ਖਰਚਿਆਂ ਵਿਚ ਕਟੌਤੀ ਕਰਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਬੰਦ ਕਰ ਦਿਓ। ਤੁਹਾਨੂੰ ਭਰਮਾਉਣ ਲਈ ਕ੍ਰੈਡਿਟ ਕਾਰਡ 'ਤੇ ਸ਼ਾਨਦਾਰ, ਦਿਲਚਸਪ ਅਤੇ ਕੈਸ਼ਬੈਕ ਆਫਰ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਦੇ ਭਰਮ ਜਾਲ 'ਚ ਨਾ ਫੱਸੋ।

 


Related News