ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਕਰਵਾਇਆ ‘ਆਈ ਵਿਸਾਖੀ ਪੱਬ ਨੀਂ ਉੱਠਦਾ’ ਵਿਸ਼ੇਸ਼ ਸਮਾਗਮ

04/20/2021 12:48:02 PM

ਰੋਮ (ਕੈਂਥ)-ਇਸ ਵਾਰ ਦੀ ਵਿਸਾਖੀ ਕਈ ਪੱਖਾਂ ਕਰਕੇ ਪਹਿਲਾਂ ਨਾਲੋਂ ਵੱਖਰੀ ਕਰਕੇ ਦੇਖੀ ਜਾ ਰਹੀ ਸੀ ਕਿਉਂਕਿ ਇਸ ਵਾਰ ਇੱਕ ਪਾਸੇ ਤਾਂ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ’ਚ ਤਹਿਲਕਾ ਮਚਾਇਆ ਹੋਇਆ ਹੈ, ਦੂਜੇ ਪਾਸੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਭਾਰਤ ’ਚ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਲੰਮਾ ਸਮਾਂ ਬੀਤ ਗਿਆ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਗਈ ਅੱਠਵੀਂ ਸਾਹਿਤਕ ਲੜੀ ਦੇ ਸਮਾਗਮ ’ਚ ਵਿਸਾਖੀ ਉੱਪਰ ਵਿਚਾਰ-ਚਰਚਾ ਕਰਨ ਲਈ ‘ਆਈ ਵਿਸਾਖੀ ਪੱਬ ਨੀਂ ਉੱਠਦਾ’ ਦੇ ਸਿਰਲੇਖ ਹੇਠ ਆਨਲਾਈਨ ਸਾਹਿਤਕ ਸਮਾਗਮ ਕਰਵਾਇਆ ਗਿਆ, ਜੋ ਲੋਕ ਕਵੀ ਸੰਤ ਰਾਮ ਉਦਾਸੀ ਤੇ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਕੀਤਾ ਗਿਆ।

ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਚਿੰਤਕ ਡਾ. ਐੱਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰਿਆਂ ਵਜੋਂ ਡਾ. ਮੁਨੀਸ਼ ਕੁਮਾਰ ਦਿੱਲੀ, ਡਾ. ਸਿਮਰਨ ਸੇਠੀ ਰਾਮਾਨੁਜਨ ਕਾਲਜ ਦਿੱਲੀ ਯੂਨੀਵਰਸਿਟੀ, ਮੋਹਣ ਸਿੰਘ ਮੋਤੀ ਚੀਫ਼ ਮੈਨੇਜਰ ਯੂਕੋ ਬੈਂਕ ਨੇ ਮੌਜੂਦਾ ਹਾਲਾਤ ਉੱਪਰ ਵਿਸਾਖੀ ਨਾਲ ਸਬੰਧਤ ਵਿਚਾਰਾਂ ਸਾਂਝੀਆਂ ਕੀਤੀਆਂ। ਮੋਹਣ ਸਿੰਘ ਮੋਤੀ ਨੇ ਵਿਸਾਖੀ ਦੇ ਇਤਿਹਾਸਕ ਤੇ ਧਾਰਮਿਕ ਪੱਖ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਸਿਮਰਨ ਸੇਠੀ ਨੇ ਵਿਸਾਖੀ ਦੇ ਸੱਭਿਆਚਾਰ ਤੇ ਸਮਾਜਿਕ ਪੱਖ ਨੂੰ ਬਹੁਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰਿਆ। ਉਪਰੰਤ ਡਾ. ਮਨੀਸ਼ ਕੁਮਾਰ ਵੱਲੋਂ ਵਿਸਾਖੀ ਦੇ ਰਾਜਨੀਤਕ ਅਤੇ ਅਜੋਕੇ ਪੱਖ ਨੂੰ ਵਿਚਾਰਦਿਆਂ ਬਹੁਤ ਖੂਬਸੂਰਤ ਤੇ ਚੇਤੰਨ ਭਰਪੂਰ ਵਿਚਾਰ-ਚਰਚਾ ਕੀਤੀ ਗਈ। ਤਿੰਨਾਂ ਹੀ ਬੁਲਾਰਿਆਂ ਦੀ ਸਾਰੀ ਵਿਚਾਰ-ਚਰਚਾ ਵਿਸਾਖੀ ਦੇ ਉਪਰੋਕਤ ਪੱਖਾਂ ਨੂੰ ਲੈ ਕੇ ਸਮਾਗਮ ਨੂੰ ਬਹੁਤ ਉੱਚੇ ਪੱਧਰ ’ਤੇ ਲਿਜਾਣ ’ਚ ਸਫ਼ਲ ਰਹੀ।

ਇਸ ਤੋਂ ਬਾਅਦ ਡਾ. ਐੱਸ. ਪੀ. ਸਿੰਘ ਅਤੇ ਪ੍ਰੋ. ਗੁਰਭਜਨ ਗਿੱਲ ਨੇ ਵਿਸਾਖੀ ਅਤੇ ਅੱਜਕਲ ਦੇ ਭਖਦੇ ਮਸਲਿਆਂ ’ਤੇ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਜਿਥੇ ਸਭਨਾਂ ਨੂੰ ਜੀ ਆਇਆਂ ਆਖਿਆ, ਉੱਥੇ ਹੀ ਉਨ੍ਹਾਂ ਵੀ ਅਜੋਕੇ ਸੰਦਰਭ ’ਤੇ ਚਿੰਤਾ ਜ਼ਾਹਿਰ ਕੀਤੀ। ਪ੍ਰੋ. ਜਸਪਾਲ ਸਿੰਘ ਨੇ ਅੰਤ ’ਚ ਸਭ ਦਾ ਧੰਨਵਾਦ ਅਤੇ ਇਸ ਸਮਾਗਮ ਦਾ ਮੁਲਾਂਕਣ ਕੀਤਾ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ’ਚ ਕਿਹਰ ਸ਼ਰੀਫ਼ ਜਰਮਨੀ, ਅਮਜਦ ਆਰਫ਼ੀ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਕਿਰਨ ਪਾਹਵਾ ਮੰਡੀ ਗੋਬਿੰਦਗੜ੍ਹ, ਜਗਦੀਪ ਸ਼ਾਹਪੁਰੀ ਮੋਗਾ, ਪਰੇਮਪਾਲ ਸਿੰਘ ਇਟਲੀ, ਸੋਹਣ ਸਿੰਘ ਹੈਦਰਾਬਾਦ, ਮਾਸਟਰ ਗੁਰਮੀਤ ਸਿੰਘ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ, ਜਿਨ੍ਹਾਂ ’ਚ ਰਾਣਾ ਅਠੌਲਾ, ਮੇਜਰ ਸਿੰਘ ਖੱਖ, ਦਲਜਿੰਦਰ ਰਹਿਲ, ਸਿੱਕੀ ਝੱਜੀ ਪਿੰਡ ਵਾਲਾ, ਮਲਕੀਅਤ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਨਿਰਵੈਲ ਸਿੰਘ ਢਿੱਲੋਂ ਆਦਿ ਨੇ ਬਾਖੂਬੀ ਹਾਜ਼ਰੀ ਲਗਾਈ। ਸਮਾਗਮ ਦਾ ਸੰਚਾਲਨ ਦਲਜਿੰਦਰ ਰਹਿਲ ਨੇ ਬਹੁਤ ਪ੍ਰਭਾਵਸ਼ਾਲੀ ਅੰਦਾਜ਼ ’ਚ ਕੀਤਾ।


Manoj

Content Editor

Related News