ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਾਰਨ ਇਟਲੀ ਦੀ ਸਿੱਖ ਸੰਗਤ ’ਚ ਭਾਰੀ ਰੋਹ

05/29/2023 2:51:13 AM

ਰੋਮ (ਦਲਵੀਰ ਕੈਂਥ) : ਪਿਛਲੇ ਤਕਰੀਬਨ ਇਕ ਦਹਾਕੇ ਤੋਂ ਦੇਸ਼-ਵਿਦੇਸ਼ ਵਿਚ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਸੰਗਤ ਅੰਦਰ ਭਾਰੀ ਰੋਹ ਭਰ ਦਿੱਤਾ ਹੈ । ਗੁਰੂ ਸਾਹਿਬ ਜੀ ਦੀ ਬੇਅਦਬੀ ਕੌਣ ਕਰਵਾ ਰਿਹਾ ਹੈ, ਕੌਣ ਕਰ ਰਿਹਾ ਜਾਂ ਕਿਉਂ ਕਰ ਰਿਹਾ, ਇਨ੍ਹਾਂ ਸਵਾਲਾਂ ਦੇ ਚਾਹੇ ਅਜੇ ਤੱਕ ਜਵਾਬ ਨਹੀਂ ਮਿਲ ਰਹੇ ਪਰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸਿੱਖ ਸੰਗਤ ਬੇਅਦਬੀ ਨੂੰ ਲੈ ਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ,  ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਸਿੱਖ ਸੰਗਤ ਵਿਚ ਦੇਖਣ ਨੂੰ ਮਿਲ ਰਹੀ ਹੈ।

ਬੀਤੇ ਦਿਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਘੁੰਮ ਰਹੀ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਕਿਸੇ ਰੰਜਿਸ਼ ਜਾਂ ਧੱਕੇਸ਼ਾਹੀ ਦੇ ਮੱਦੇਨਜ਼ਰ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਤੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ। ਇਸ ਦੋਸ਼ੀ ਵਿਅਕਤੀ ਨੇ ਸਿਰ ਉੱਪਰ ਪੱਗ ਵਾਂਗ ਕੱਪੜਾ ਬੰਨ੍ਹਿਆ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਇਟਲੀ ਦਾ ਰਹਿਣ ਵਾਲਾ ਹੈ ਪਰ ਹੁਣ ਤੱਕ ਇਸ ਦੋਸ਼ੀ ਦੇ ਇਟਲੀ ਰਹਿਣ ਦੀ ਮੌਜੂਦਾ ਸਮੇਂ ਵਿਚ ਪੁਸ਼ਟੀ ਨਹੀਂ ਹੋ ਸਕੀ ਹੈ। ਹੋ ਸਕਦਾ ਹੈ ਕਿ ਪਹਿਲਾਂ ਇਹ ਇਟਲੀ ਰਹਿੰਦਾ ਹੋਵੇ ਪਰ ਹੁਣ ਨਹੀਂ । ਜਦੋਂ ਦਾ ਇਹ ਮਾਮਲਾ ਇਟਲੀ ਦੀ ਸਿੱਖ ਸੰਗਤ ਦੇ ਧਿਆਨ ਵਿਚ ਆਇਆ ਹੈ, ਉਂਦੋ ਤੋਂ ਸਿੱਖ ਸੰਗਤਾਂ ਅੰਦਰ ਭਾਰੀ ਰੋਹ ਦੇਖਿਆ ਜਾ ਰਿਹਾ ਹੈ। ਕਈ ਸਿੱਖ ਆਗੂ ਦੋਸ਼ੀ ਨੂੰ ਲੱਭਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ।

ਇਕ ਆਗੂ ਨੇ ਬੱਲੇ ਬੱਲੇ ਕਰਵਾਉਣ ਦੇ ਚੱਕਰ ਵਿਚ ਖ਼ਬਰ ਵੀ ਨਸ਼ਰ ਕਰਵਾ ਦਿੱਤੀ ਹੈ ਕਿ ਦੋਸ਼ੀ ਦੀ ਪਛਾਣ ਹੋ ਗਈ, ਉਸ ਦਾ ਨਾਂ ਤੇ ਪੰਜਾਬ ਦਾ ਜ਼ਿਲ੍ਹਾ ਵੀ ਦੱਸ ਦਿੱਤਾ ਹੈ ਪਰ ਜਦੋਂ ਜਗ ਬਾਣੀ ਨੇ ਇਸ ਸਿੱਖ ਆਗੂ ਤੋਂ ਦੋਸ਼ੀ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਲਈ ਸਬੂਤ ਮੰਗੇ ਤਾਂ ਉਹ ਇਹ ਕਹਿ ਕਿ ਹੱਥ ਖੜ੍ਹੇ ਕਰ ਗਿਆ ਕਿ ਉਹ ਨਹੀਂ ਦੇ ਸਕਦਾ, ਉਸ ਕੋਲ ਦੋਸ਼ੀ ਦੇ ਪਛਾਣ ਪੱਤਰ ਹਨ ਪਰ ਉਹ ਮੀਡੀਆ ਨੂੰ ਨਹੀਂ ਦੇ ਸਕਦਾ ਤਾਂ ਫਿਰ ਦੱਸੋ ਇਸ ਕਾਰਵਾਈ ਨੂੰ ਕੀ ਸਮਝਿਆ ਜਾਵੇ। ਜਦੋਂ ਤੱਕ ਦੋਸ਼ੀ ਦੀ ਪਛਾਣ ਸੰਬਧੀ ਕੋਈ ਠੋਸ ਪਛਾਣ ਪੱਤਰ ਮੀਡੀਆ ਵਿਚ ਨਸ਼ਰ ਨਹੀਂ ਹੁੰਦਾ ਜਾਂ ਦੋਸ਼ੀ ਉੱਪਰ ਕੀਤੀ ਜਾ ਰਹੀ ਕਾਰਵਾਈ ਦਾ ਕੋਈ ਪੇਪਰ ਨਹੀਂ ਸਾਹਮਣੇ ਆਉਂਦਾ, ਉਂਦੋ ਤੱਕ ਤੀਰ ਹਨੇਰੇ ਵਿਚ ਹੀ ਸਮਝਿਆ ਜਾ ਰਿਹਾ ਹੈ। ਬੇਸ਼ੱਕ ਸੋਸ਼ਲ ਮੀਡੀਆ ਵਿਚ ਇਸ ਗੱਲ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ ਕਿ ਘਟਨਾ ਇਟਲੀ ਦੀ ਹੈ ਪਰ ਹੁਣ ਤੱਕ ਪ੍ਰਮਾਣਿਤ ਨਹੀਂ ਹੋ ਸਕੀ। ਇਹ ਹਿਰਦੇ ਵਲੂੰਧਰਣ ਵਾਲੀ ਗੁਰਬਾਣੀ ਦੀ ਬੇਅਦਬੀ ਦੀ ਜਿਥੇ ਦੀ ਵੀ ਮਰਜ਼ੀ ਹੋਵੇ ਪਰ ਸਿੱਖ ਸੰਗਤ ਦੇ ਬਰਦਾਸ਼ਤ ਤੋਂ ਬਾਹਰ ਹੈ ਪਰ ਅਜਿਹੀਆਂ ਘਟਨਾਵਾਂ ’ਤੇ ਸਿਆਸੀ ਰੋਟੀਆਂ ਸੇਕਣਾ ਵੀ ਅਤਿ ਨਿੰਦਣਯੋਗ ਹੈ । ਇਹ ਸਮਾਂ ਹੈ ਆਪਸ ਵਿਚ ਇਕੱਠੇ ਹੋ ਲੜਨ ਦਾ, ਨਾ ਕਿ ਸਿਆਸਤ ਖੇਡਣ ਹੈ। ਇਟਲੀ ਦੀਆਂ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ।


Manoj

Content Editor

Related News