ਇਟਲੀ ਵਿੱਚ ਦੋ ਪੰਜਾਬੀ ਭਾਰਤੀ ਚੋਰੀ ਦੇ ਦੋਸ਼ ਵਿੱਚ ਪੁਲਿਸ ਅੜਿੱਕੇ

05/25/2017 8:22:05 PM

ਰੋਮ/ਇਟਲੀ (ਕੈਂਥ)—ਇਟਲੀ 'ਚ ਕੁਝ ਭਾਰਤੀ ਲਗਾਤਾਰ ਹੀ ਅਜਿਹੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ, ਜਿਨ੍ਹਾਂ ਕਾਰਨ ਭਾਰਤੀ ਭਾਈਚਾਰਾ ਲਗਾਤਾਰ ਹੀ ਸ਼ਰਮਿੰਦਗੀ ਦਾ ਸਾਹਮਣ੍ਹਾ ਕਰ ਰਿਹਾ ਹੈ। ਬੀਤੇ ਦਿਨ ਇਟਾਲੀਅਨ ਪੁਲਸ ਨੇ ਤੇਰਾਚੀਨਾ ਪੁਲਸ ਸਟੇਸ਼ਨ ਅਧੀਨ ਆਉਂਦੇ ਖੇਤਰ ਵਿਚੋਂ ਦੋ ਭਾਰਤੀ ਵਿਅਕਤੀਆਂ ਨੂੰ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਭਾਰਤੀ ਵਿਅਕਤੀਆਂ 'ਤੇ 24 ਸਾਲਾ ਮਹੇ ਮਨਦੀਪ ਅਤੇ 42 ਸਾਲਾ ਸੰਧੂ ਦਿਸ਼ਾ ਨੂੰ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ (ਘਰ) ਦੇ ਅੰਦਰ ਦਾਖਲ ਹੋ ਕੇ ਚੋਰੀ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਵੇਂ ਵਿਅਕਤੀ ਤੇਰਾਚੀਨਾ ਦੇ ਰਹਿਣ ਵਾਲੇ ਹਨ।
ਇਹ ਵਿਅਕਤੀ ਜਿਹੜੀ ਇਮਾਰਤ ਵਿਚ ਚੋਰੀ ਕਰਨ ਦਾ ਇਰਾਦਾ ਧਾਰ ਕੇ ਘੁੰਮ ਰਹੇ ਸਨ, ਪਹਿਲਾਂ ਇਹ ਦਿਨ ਸਮੇਂ ਉੱਥੇ ਦਾ ਜਾਇਜ਼ਾ ਲੈਣ ਗਏ ਸਨ, ਉਸ ਸਮੇਂ ਉਸੇ ਇਮਾਰਤ ਵਿਚ ਰਹਿਣ ਵਾਲੀ ਇਕ ਮਹਿਲਾ ਨੂੰ ਇਨ੍ਹਾਂ 'ਤੇ ਸ਼ੱਕ ਹੋ ਗਿਆ ਸੀ ਕਿ ਇਨ੍ਹਾਂ ਨੂੰ ਪਹਿਲਾਂ ਇੱਥੇ ਕਦੇ ਨਹੀਂ ਦੇਖਿਆ ਅਤੇ ਇਹ ਇਥੇ ਦੇ ਰਹਿਣ ਵਾਲੇ ਵੀ ਨਹੀਂ ਲੱਗਦੇ। ਮਹਿਲਾ ਨੇ ਸ਼ੱਕ ਦੀ ਵਜ੍ਹਾ ਨਾਲ ਪੁਲਸ ਨੂੰ ਫੋਨ ਕਰਕੇ ਇਸਦੀ ਜਾਣਕਾਰੀ ਦੇ ਦਿੱਤੀ। ਉਸੇ ਰਾਤ ਹੀ ਜਦੋਂ ਇਹ ਵਿਅਕਤੀ ਦੁਬਾਰਾ ਉਸ ਇਮਾਰਤ ਵਿਚ ਆਏ, ਇਨ੍ਹਾਂ ਨੇ ਪਹਿਲਾਂ ਘਰ ਦਾ ਮੁੱਖ ਦਰਵਾਜਾ ਧੱਕੇ ਨਾਲ ਖੋਲ੍ਹ ਕੇ ਘਰ ਦੀ ਖਿੜਕੀ ਖੋਲ੍ਹੀ ਅਤੇ ਘਰ (ਵਿਲ੍ਹਾ) ਦੇ ਅੰਦਰ ਦਾਖਲ ਹੋ ਗਏ। ਪੁਲਸ ਨੂੰ ਇਸ ਸਬੰਧੀ ਪਹਿਲਾਂ ਤੋਂ ਜਾਣਕਾਰੀ ਹੋਣ ਕਾਰਨ ਉਨ੍ਹਾਂ ਦੇ ਭੱਜਣ ਦੇ ਸਾਰੇ ਰਸਤੇ ਪਹਿਲਾਂ ਹੀ ਜਾਮ ਕੀਤੇ ਜਾ ਚੁੱਕੇ ਸਨ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਇਨ੍ਹਾਂ ਦੋਵੇਂ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ 'ਤੇ ਇਨ੍ਹਾਂ ਦੀ ਲਈ ਤਲਾਸ਼ੀ ਦੌਰਾਨ ਪੁਲਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 715 ਯੂਰੋ ਬਰਾਮਦ ਕੀਤੇ ਹਨ।


Related News