ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਿਲਿਆ ਨਵਾਂ ਸਾਥੀ, ਗਲੋਬਲ ਸਿਟੀਜ਼ਨ ਨਾਲ ਮਿਲ ਕੇ ਕੀਤੀ ਮਦਦ ਦੀ ਮੰਗ
Monday, Mar 07, 2022 - 10:41 AM (IST)
ਕੀਵ (ਭਾਸ਼ਾ)- ਯੁੱਧ ਪੀੜਤ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਆਪਣੇ ਦੇਸ਼ ਦੀ ਰੱਖਿਆ ਲਈ ਇੱਕ ਨਵਾਂ ਸਾਥੀ 'ਗਲੋਬਲ ਸਿਟੀਜ਼ਨ' ਮਿਲਿਆ ਹੈ, ਜੋ ਗਰੀਬੀ ਨਾਲ ਲੜਨ ਵਾਲੀ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਹੈ। ਜ਼ੇਲੇਂਸਕੀ ਅਤੇ ਗਲੋਬਲ ਸਿਟੀਜ਼ਨ ਨੇ ਐਤਵਾਰ ਨੂੰ ਸੰਗਠਨ ਦੇ ਲੱਖਾਂ ਮੈਂਬਰਾਂ ਦੇ ਨਾਲ-ਨਾਲ ਉਸਦੇ ਸਰਕਾਰੀ, ਕਾਰਪੋਰੇਟ ਅਤੇ ਪਰਉਪਕਾਰੀ ਭਾਈਵਾਲਾਂ ਤੋਂ ਕਾਰਵਾਈ ਦੀ ਮੰਗ ਕੀਤੀ। ਇੱਕ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਰੂਸ ਖ਼ਿਲਾਫ਼ ਯੂਕ੍ਰੇਨ ਦੀ ਜੰਗ ਬਾਰੇ ਗੱਲ ਕੀਤੀ ਅਤੇ ਉਹਨਾਂ ਕਦਮਾਂ ਦੀ ਵੀ ਗੱਲ ਕੀਤੀ ਜੋ ਸਮਰਥਕ ਮਦਦ ਕਰਨ ਲਈ ਚੁੱਕ ਸਕਦੇ ਹਨ।
ਯੂਕ੍ਰੇਨ ਦੇ ਰਾਸ਼ਟਰਪਤੀ ਦੇ ਪਹਿਲੇ ਸੰਦੇਸ਼ ਵਿੱਚ ਰੂਸ ਦੀਆਂ "ਅੱਤਵਾਦੀ ਕਾਰਵਾਈਆਂ" ਦੇ ਵਿਰੁੱਧ ਉਹਨਾਂ ਦੇ ਦੇਸ਼ ਦੀ ਰੱਖਿਆ ਕਰਨ ਵਿੱਚ ਦੁਨੀਆ ਦੀ ਮਦਦ ਦੀ ਮੰਗ ਕੀਤੀ ਗਈ। ਵੀਡੀਓ ਵਿੱਚ ਜ਼ੇਲੇਂਸਕੀ ਨੇ ਯੂਕ੍ਰੇਨ ਦੇ ਸ਼ਹਿਰਾਂ 'ਤੇ ਰੂਸ ਦੀ ਬੰਬਾਰੀ ਅਤੇ ਇੱਕ ਪ੍ਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗਣ ਦੀ ਘਟਨਾ ਦਾ ਹਵਾਲਾ ਦਿੱਤਾ। ਗਲੋਬਲ ਸਿਟੀਜ਼ਨ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਇਹ ਵਿਲੱਖਣ ਸਾਂਝੇਦਾਰੀ ਲੋਕਾਂ ਨੂੰ ਮਾਨਵਤਾਵਾਦੀ ਸੰਕਟ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ ਬਾਰੇ ਹੋਰ ਜਾਣਨ ਵਿੱਚ ਮਦਦ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ - ਯੁੱਧ ਦਾ 12ਵਾਂ ਦਿਨ: ਰੂਸ ਨੇ ਯੂਕ੍ਰੇਨ 'ਤੇ ਹਮਲੇ ਕੀਤੇ ਤੇਜ਼, Netflix ਨੇ ਚੁੱਕਿਆ ਇਹ ਕਦਮ
ਸੰਸਥਾ ਦੇ ਸੀਈਓ ਹਿਊਗ ਇਵਾਨਸ ਨੇ ਕਿਹਾ ਕਿ ਜ਼ੇਲੇਂਸਕੀ ਦੇ ਵੀਡੀਓ ਬਿਆਨ ਨੂੰ ਦੁਨੀਆ ਭਰ ਦੀਆਂ ਸਮਾਚਾਰ ਸੰਸਥਾਵਾਂ ਦੁਆਰਾ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਗਲੋਬਲ ਸਿਟੀਜ਼ਨ ਨੂੰ ਹਰ ਜਗ੍ਹਾ ਆਪਣੀ ਗੱਲ ਫੈਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਵਾਨਸ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਲੋਕ ਉਸ ਨੇਤਾ ਨੂੰ ਸਿੱਧੇ ਸੁਣਨ ਜੋ ਸਭ ਤੋਂ ਵੱਧ ਪ੍ਰੇਰਿਤ ਕਰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।