ਜ਼ੈਲੇਂਸਕੀ ਨੇ ਯੂਰਪੀ ਸਹਿਯੋਗੀਆਂ ਨਾਲ ਲੰਡਨ ’ਚ ਕੀਤੀ ਗੱਲਬਾਤ
Tuesday, Dec 09, 2025 - 10:09 AM (IST)
ਲੰਡਨ- ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਸੋਮਵਾਰ ਨੂੰ ਲੰਡਨ ’ਚ ਫਰਾਂਸੀਸੀ, ਜਰਮਨ ਅਤੇ ਬ੍ਰਿਟਿਸ਼ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕੀਵ ਦੇ ਯੂਰਪੀ ਸਹਿਯੋਗੀਆਂ ਨੇ ਇਸ ਨੂੰ ਯੂਕ੍ਰੇਨ ’ਚ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਵਾਉਣ ਲਈ ਅਮਰੀਕਾ ਦੀ ਅਗਵਾਈ ਵਾਲੇ ਯਤਨਾਂ ’ਚ ‘ਨਿਰਣਾਇਕ ਸਮਾਂ’ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਧਦੀ ਬੇਸਬਰੀ ਵਿਚਾਲੇ ਯੂਕ੍ਰੇਨ ਦਾ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬ੍ਰਿਟਿਸ਼ ਨੇਤਾ ਦੇ 10 ਡਾਊਨਿੰਗ ਸਟਰੀਟ ਸਥਿਤ ਰਿਹਾਇਸ਼ ’ਤੇ ਜ਼ੈਲੇਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੱਤਰਕਾਰਾਂ ਨਾਲ ਗੱਲਬਾਤ ’ਚ ਜ਼ੈਲੇਂਸਕੀ ਤੋਂ ਨਿਰਾਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਯੂਕ੍ਰੇਨੀ ਨੇਤਾ ਨੇ ‘ਅਜੇ ਤੱਕ ਪ੍ਰਸਤਾਵ ਨਹੀਂ ਪੜ੍ਹਿਆ ਹੈ।’ ਵਾਸ਼ਿੰਗਟਨ ਵਿਚ ਕੈਨੇਡੀ ਸੈਂਟਰ ਆਨਰਜ਼ ’ਚ ਸ਼ਾਮਲ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੂਸ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਇਹ ਪੱਕਾ ਨਹੀਂ ਹੈ ਕਿ ਜੈਲੇਂਸਕੀ ਨੂੰ ਇਹ ਸਹੀ ਲੱਗੇ। ਉਨ੍ਹਾਂ ਦੀ ਟੀਮ ਨੂੰ ਇਹ ਪਸੰਦ ਹੈ ਪਰ ਉਨ੍ਹਾਂ ਨੇ ਇਸ ਨੂੰ ਪੜ੍ਹਿਆ ਨਹੀਂ ਹੈ।
