ਜ਼ਰਦਾਰੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਾਹਮਣੇ ਚੁੱਕਿਆ ਕਸ਼ਮੀਰ ਮੁੱਦਾ
Saturday, Feb 08, 2025 - 05:44 PM (IST)
![ਜ਼ਰਦਾਰੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਾਹਮਣੇ ਚੁੱਕਿਆ ਕਸ਼ਮੀਰ ਮੁੱਦਾ](https://static.jagbani.com/multimedia/2025_2image_17_44_282641955zardari.jpg)
ਬੀਜਿੰਗ (ਏਜੰਸੀ)- ਚੀਨ ਦੇ ਦੌਰੇ 'ਤੇ ਆਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਦੌਰਾਨ ਕਸ਼ਮੀਰ ਮੁੱਦਾ ਚੁੱਕਿਆ। ਗੱਲਬਾਤ ਦੌਰਾਨ, ਦੋਵਾਂ ਦੇਸ਼ਾਂ ਨੇ ਖੇਤਰ ਵਿੱਚ "ਰਣਨੀਤਕ ਸੰਤੁਲਨ" ਬਣਾਈ ਰੱਖਣ ਵਿੱਚ ਆਪਣੇ ਰੱਖਿਆ ਸਹਿਯੋਗ ਦੀ ਮਹੱਤਤਾ ਨੂੰ ਦੁਹਰਾਇਆ। ਵੀਰਵਾਰ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, "ਪਾਕਿਸਤਾਨੀ ਪੱਖ ਨੇ ਚੀਨੀ ਪੱਖ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਦੇ ਨਵੀਨਤਮ ਘਟਨਾਕ੍ਰਮ ਤੋਂ ਜਾਣੂ ਕਰਾਇਆ।"
ਇਸ ਵਿੱਚ ਕਿਹਾ ਗਿਆ ਹੈ, "ਚੀਨੀ ਪੱਖ ਨੇ ਦੁਹਰਾਇਆ ਕਿ ਜੰਮੂ-ਕਸ਼ਮੀਰ ਵਿਵਾਦ ਇਤਿਹਾਸ ਦੀ ਦੇਣ ਹੈ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਚਾਰਟਰ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੰਬੰਧਿਤ ਮਤਿਆਂ ਅਤੇ ਦੁਵੱਲੇ ਸਮਝੌਤਿਆਂ ਦੇ ਅਨੁਸਾਰ ਇੱਕ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।" ਮੰਗਲਵਾਰ ਨੂੰ 5 ਦਿਨਾਂ ਦੀ ਯਾਤਰਾ 'ਤੇ ਇੱਥੇ ਪਹੁੰਚੇ ਜ਼ਰਦਾਰੀ ਨੇ ਬੁੱਧਵਾਰ ਨੂੰ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ।
ਰੱਖਿਆ ਸਬੰਧਾਂ ਬਾਰੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, "ਦੋਵਾਂ ਧਿਰਾਂ ਨੇ ਜ਼ੋਰ ਦਿੱਤਾ ਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਰਣਨੀਤਕ ਰੱਖਿਆ ਅਤੇ ਸੁਰੱਖਿਆ ਸਹਿਯੋਗਸ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਰਣਨੀਤਕ ਸੰਤੁਲਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।" ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਸਾਂਝੀ ਸਿਖਲਾਈ, ਅਭਿਆਸਾਂ ਅਤੇ ਫੌਜੀ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਗੀਆਂ।