ਪਾਕਿਸਤਾਨ ''ਚ ਵਧਿਆ ਸਿਆਸੀ ਘਮਸਾਣ! ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Wednesday, Dec 31, 2025 - 02:39 PM (IST)
ਇਸਲਾਮਾਬਾਦ: ਪਾਕਿਸਤਾਨ 'ਚ ਸਿਆਸੀ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਤਾਜ਼ਾ ਘਟਨਾਕ੍ਰਮ 'ਚ ਪਾਕਿਸਤਾਨੀ ਪੁਲਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਅਡਿਆਲਾ ਜੇਲ੍ਹ ਦੇ ਬਾਹਰ ਅੱਧੀ ਰਾਤ ਤੋਂ ਬਾਅਦ ਕੀਤੀ ਗਈ, ਜਿੱਥੇ ਉਹ ਆਪਣੇ ਭਰਾ ਨਾਲ ਮੁਲਾਕਾਤ ਨਾ ਹੋਣ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੀ ਸੀ।
ਹੱਡ ਚੀਰਵੀਂ ਠੰਡ 'ਚ ਪੁਲਿਸ ਦਾ ਤਸ਼ੱਦਦ
ਸੂਤਰਾਂ ਅਨੁਸਾਰ, ਦਸੰਬਰ ਦੀ ਇਸ ਹੱਡ ਚੀਰਵੀਂ ਠੰਡ ਵਿੱਚ ਪੁਲਸ ਵੱਲੋਂ ਇਮਰਾਨ ਖਾਨ ਦੇ ਸਮਰਥਕਾਂ 'ਤੇ ਪਾਣੀ ਦੀਆਂ ਬੌਛਾਰਾਂ (Water Cannons) ਵੀ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਹਰ ਮੰਗਲਵਾਰ ਨੂੰ ਇਮਰਾਨ ਖਾਨ ਦੇ ਕਰੀਬੀਆਂ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਹੋਈ ਹੈ, ਪਰ ਜਦੋਂ ਭੈਣਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ।
ਅਲੀਮਾ ਖਾਨ ਨੇ ਆਸਿਮ ਮੁਨੀਰ 'ਤੇ ਸਾਧਿਆ ਨਿਸ਼ਾਨਾ
ਗ੍ਰਿਫਤਾਰੀ ਦੌਰਾਨ ਅਲੀਮਾ ਖਾਨ ਨੇ ਪਾਕਿਸਤਾਨੀ ਫੀਲਡ ਮਾਰਸ਼ਲ ਆਸਿਮ ਮੁਨੀਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁਨੀਰ ਚਾਹੇ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ, ਪਰ ਛੇਤੀ ਹੀ ਦੇਸ਼ ਦੇ ਲੋਕ ਇਮਰਾਨ ਖਾਨ ਲਈ ਸੜਕਾਂ 'ਤੇ ਉਤਰਨਗੇ। ਅਲੀਮਾ ਨੇ ਅੱਗੇ ਕਿਹਾ ਕਿ ਇਹ ਮੁਲਕ 25 ਕਰੋੜ ਲੋਕਾਂ ਦਾ ਹੈ ਅਤੇ ਉਹ ਇਮਰਾਨ ਖਾਨ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਅਫਸੋਸ ਜਤਾਇਆ ਕਿ ਦੇਸ਼ ਵਿੱਚ ਹੁਣ ਨਾ ਤਾਂ ਕੋਈ ਕਾਨੂੰਨ ਬਾਕੀ ਰਿਹਾ ਹੈ ਅਤੇ ਨਾ ਹੀ ਅਦਾਲਤਾਂ ਦਾ ਕੋਈ ਸਨਮਾਨ ਹੋ ਰਿਹਾ ਹੈ।
ਸਮਰਥਕਾਂ 'ਚ ਗੁੱਸਾ
ਇਸ ਦੌਰਾਨ ਵੱਡੀ ਗਿਣਤੀ 'ਚ ਪਾਕਿਸਤਾਨ ਤਹਿਰੀਕ-ਏ-ਇੰਸਾਫ (PTI) ਦੇ ਸਮਰਥਕ ਵੀ ਅਡਿਆਲਾ ਜੇਲ੍ਹ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਮਰਥਕਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਨੇਤਾ ਜੇਲ੍ਹ ਅੰਦਰ ਡਟੇ ਹੋਏ ਹਨ, ਉਹ ਵੀ ਬਾਹਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਇਸ ਘਟਨਾ ਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਇੱਕ ਨਵਾਂ ਤੂਫਾਨ ਖੜ੍ਹਾ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਹੋਰ ਵਧਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
