ਜ਼ਾਕਿਰ ਨਾਇਕ ਦੀ ਮੁਸਲਿਮ ਦੇਸ਼ਾਂ ਨੂੰ ਅਪੀਲ, ਪੈਗੰਬਰ ਦੀ ਆਲੋਚਨਾ ਕਰਨ ਵਾਲੇ ਭਾਰਤੀਆਂ ਨੂੰ ਭੇਜਣ ਜੇਲ੍ਹ

Friday, Oct 23, 2020 - 06:23 PM (IST)

ਜ਼ਾਕਿਰ ਨਾਇਕ ਦੀ ਮੁਸਲਿਮ ਦੇਸ਼ਾਂ ਨੂੰ ਅਪੀਲ, ਪੈਗੰਬਰ ਦੀ ਆਲੋਚਨਾ ਕਰਨ ਵਾਲੇ ਭਾਰਤੀਆਂ ਨੂੰ ਭੇਜਣ ਜੇਲ੍ਹ

ਕੁਆਲਾਲੰਪੁਰ (ਬਿਊਰੋ): ਭਾਰਤ ਵਿਚ ਨਫਰਤ ਫ਼ੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਗੋੜੇ ਇਸਲਾਮਿਕ ਧਾਰਮਿਕ ਗੁਰੂ ਜ਼ਾਕਿਰ ਨਾਇਕ ਨੇ ਇਕ ਵਾਰ ਫਿਰ ਭੜਕਾਊ ਬਿਆਨ ਦਿੱਤਾ ਹੈ। ਜ਼ਾਕਿਰ ਨਾਇਕ ਨੇ ਮੁਸਲਿਮ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੈਗੰਬਰ ਮੁਹੰਮਦ ਦੀ ਆਲੋਚਨਾ ਕਰਨ ਵਾਲੇ ਭਾਰਤ ਦੇ ਗੈਰ ਮੁਸਲਿਮਾਂ ਨੂੰ ਉਹਨਾਂ ਦੇ ਦੇਸ਼ ਵਿਚ ਆਉਣ 'ਤੇ ਜੇਲ੍ਹ ਭੇਜ ਦੇਣ। ਉਸ ਨੇ ਕਿਹਾ ਕਿ ਪੈਗੰਬਰ ਦੀ ਆਲੋਚਨਾ ਕਰਨ ਵਾਲੇ ਜ਼ਿਆਦਾਤਰ ਲੋਕ ਬੀਜੇਪੀ ਦੇ ਚੇਲੇ ਹਨ।

ਜ਼ਾਕਿਰ ਨਾਇਕ ਨੇ ਸਾਊਦੀ ਅਰਬ, ਇੰਡੋਨੇਸ਼ੀਆ ਸਮੇਤ ਮੁਸਲਿਮ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਭਾਰਤੀ ਲੋਕਾਂ ਦਾ ਇਕ ਡਾਟਾਬੇਸ ਬਣਾਉਣ ਤਾਂ ਜੋ ਜਦੋਂ ਉਹ ਇਸਲਾਮੀ ਦੇਸ਼ਾਂ ਦੀ ਯਾਤਰਾ ਕਰਨ ਤਾਂ ਉਹਨਾ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਸ ਨੇ ਕਿਹਾ ਕਿ ਇਸਲਾਮਿਕ ਦੇਸ਼ ਗੈਰ ਮੁਸਲਿਮ ਭਾਰਤੀਆਂ ਦੀਆਂ ਸਾਰੀਆਂ ਨਕਰਾਤਮਕ ਟਿੱਪਣੀਆਂ ਅਤੇ ਗਾਲ੍ਹਾਂ ਦਾ ਇਕ ਡਾਟਾਬੇਸ ਬਣਾਉਣ ਅਤੇ ਉਸ ਨੂੰ ਕੰਪਿਊਟਰ ਵਿਚ ਸੇਵ ਕਰ ਕੇ ਰੱਖਣ।

ਕੀਤੇ ਜਾਣ ਗ੍ਰਿਫ਼ਤਾਰ
ਜਾਕਿਰ ਨਾਇਕ ਨੇ ਕਿਹਾ.''ਅਗਲੀ ਵਾਰ ਜਦੋਂ ਇਹ ਲੋਕ ਖਾੜੀ ਦੇਸ਼ਾਂ ਵਿਚ ਭਾਵੇਂ ਉਹ ਕੁਵੈਤ, ਸਾਊਦੀ ਅਰਬ ਹੋਵੇ ਜਾਂ ਇੰਡੋਨੇਸ਼ੀਆ ਵਿਚ ਆਉਣ ਤਾਂ ਉਹਨਾਂ ਦੀ ਜਾਂਚ ਕੀਤੀ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕੀ ਉਹਨਾਂ ਨੇ ਕਿਤੇ ਇਸਲਾਮ ਜਾਂ ਪੈਗੰਬਰ ਦੇ ਬਾਰੇ ਵਿਚ ਅਪਮਾਨਜਨਕ ਟਿੱਪਣੀ ਤਾਂ ਨਹੀਂ ਕੀਤੀ ਹੈ। ਜੇਕਰ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਉਹਨਾਂ ਖਿਲਾਫ਼ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਉਹ ਜਨਤਕ ਤੌਰ 'ਤੇ ਐਲਾਨ ਕਰ ਦੇਣ ਕਿ ਸਾਡੇ ਕੋਲ ਇਕ ਡਾਟਾਬੇਸ ਹੈ ਅਤੇ ਉਹਨਾਂ ਨਾਵਾਂ ਨੂੰ ਜਨਤਕ ਨਾ ਕਰਨ। ਜਿਵੇਂ ਹੀ ਇਰ ਲੋਕ ਆਉਣ ਉਹਨਾਂ ਨੂੰ ਗ੍ਰਿਫ਼ਤਾਰ ਕਰ ਲੈਣ।''

ਮਲੇਸ਼ੀਆ ਵਿਚ ਰਹਿ ਰਹੇ ਨਾਇਕ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ਼ ਮੁਕੱਦਮਾ ਚਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਉਸ ਮੁਤਾਬਕ,''ਮੇਰਾ ਵਿਸ਼ਵਾਸ ਕਰੋ, ਜ਼ਿਆਦਾਤਰ ਲੋਕ ਬੀਜੇਪੀ ਦੇ ਚੇਲੇ ਹਨ ਅਤੇ ਇਸਲਾਮ ਤੇ ਮੁਸਲਿਮਾਂ ਦੇ ਖਿਲਾਫ਼ ਜ਼ਹਿਰ ਫੈਲਾ ਰਹੇ ਹਨ। ਇਸ ਕਾਰਵਾਈ ਨਾਲ ਉਹ ਲੋਕ ਡਰ ਜਾਣਗੇ।'' ਇੱਥੇ ਦੱਸ ਦਈਏ ਕਿ ਜ਼ਾਕਿਰ ਨਾਇਕ ਭਗੋੜਾ ਚੱਲ ਰਿਹਾ ਹੈ ਅਤੇ ਉਸ ਦੇ ਖਿਲਾਫ਼ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਅਤੇ ਭਾਰਤ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ।

ਮਲੇਸ਼ੀਆ ਨੇ ਨਾਇਕ ਨੂੰ ਦਿੱਤੀ ਸਥਾਈ ਨਾਗਰਿਕਤਾ
ਬ੍ਰਿਟੇਨ ਅਤੇ ਕੈਨੇਡਾ ਨੇ ਨਾਇਕ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੇ ਬਾਅਦ ਮਲੇਸ਼ੀਆ ਨੇ ਉਸ ਨੂੰ ਸਥਾਈ ਨਾਗਰਿਕਤਾ ਦਿੱਤੀ।  ਉਸ ਦੇ ਐੱਨ.ਜੀ.ਓ. ਇਸਲਾਮਿਕ ਰਿਸਰਚ ਫਾਊਂਡੇਸ਼ਨ ਨੇ 2007 ਤੋਂ 2011 ਦੇ ਵਿਚ ਮੁੰਬਈ ਵਿਚ ਪੀਸ ਕਾਨਫਰੰਸ ਵੀ ਆਯੋਜਿਤ ਕੀਤੀ। ਐੱਨ.ਆਈ.ਏ. ਦੇ ਮੁਤਾਬਕ, ਨਾਇਕ 'ਤੇ ਲੋਕਾਂ ਦਾ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕਰਨ ਅਤੇ ਹਿੰਸਾ ਫੈਲਾਉਣ ਦਾ ਵੀ ਦੋਸ਼ ਹੈ ਜਦਕਿ ਨਾਇਕ ਨੇ ਇਹਨਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।
 


author

Vandana

Content Editor

Related News