ਲੈਪਟਾਪ ਚਲਾਉਂਦਿਆਂ ਨੌਜਵਾਨ ਦੀ ਮੌਤ, 8 ਘੰਟੇ ਬਾਅਦ ਵੀ ਆਉਂਦੇ ਰਹੇ ਕੰਮ ਦੇ ਮੈਸੇਜ

Monday, Feb 02, 2026 - 02:16 AM (IST)

ਲੈਪਟਾਪ ਚਲਾਉਂਦਿਆਂ ਨੌਜਵਾਨ ਦੀ ਮੌਤ, 8 ਘੰਟੇ ਬਾਅਦ ਵੀ ਆਉਂਦੇ ਰਹੇ ਕੰਮ ਦੇ ਮੈਸੇਜ

ਇੰਟਰਨੈਸ਼ਨਲ ਡੈਸਕ : ਚੀਨ ਵਿੱਚ ਇੱਕ 32 ਸਾਲਾ ਪ੍ਰੋਗਰਾਮਰ ਦੀ ਲਗਾਤਾਰ ਕੰਮ ਦੇ ਬੋਝ ਕਾਰਨ ਹੋਈ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। 'ਸਾਊਥ ਚਾਈਨਾ ਮਾਰਨਿੰਗ ਪੋਸਟ' ਦੀ ਰਿਪੋਰਟ ਅਨੁਸਾਰ, ਗਾਓ ਗੁਆਂਗਹੁਈ ਨਾਮਕ ਇਸ ਨੌਜਵਾਨ ਦੀ ਮੌਤ ਦਾ ਮੁੱਖ ਕਾਰਨ ਜ਼ਰੂਰਤ ਤੋਂ ਜ਼ਿਆਦਾ ਕੰਮ (ਓਵਰਵਰਕ) ਦੱਸਿਆ ਜਾ ਰਿਹਾ ਹੈ।

ਮੌਤ ਦੇ ਬਾਅਦ ਵੀ ਮਿਲਦਾ ਰਿਹਾ ਕੰਮ 
ਇਸ ਦੁਖਦਾਈ ਘਟਨਾ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਗਾਓ ਦੀ ਮੌਤ ਦੇ 8 ਘੰਟੇ ਬਾਅਦ ਵੀ ਉਸਦੇ ਫ਼ੋਨ 'ਤੇ ਕੰਮ ਨਾਲ ਸਬੰਧਤ ਇੱਕ ਮੈਸੇਜ ਆਇਆ, ਜਿਸ ਵਿੱਚ ਉਸਨੂੰ ਤੁਰੰਤ ਇੱਕ ਜ਼ਰੂਰੀ ਨਿਰੀਖਣ (Urgent Inspection) ਕਰਨ ਲਈ ਕਿਹਾ ਗਿਆ ਸੀ। ਇਸ ਘਟਨਾ ਨੇ ਚੀਨ ਵਿੱਚ ਕੰਮ ਦੇ ਅੰਨ੍ਹੇਵਾਹ ਦਬਾਅ ਵਾਲੇ ਮਾਹੌਲ ਵਿਰੁੱਧ ਲੋਕਾਂ ਵਿੱਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ।

ਕੀ ਸੀ ਪੂਰਾ ਮਾਮਲਾ? 
ਇਹ ਘਟਨਾ 29 ਨਵੰਬਰ 2025 ਦੀ ਹੈ। ਉਸ ਦਿਨ ਸਵੇਰੇ ਗਾਓ ਦੀ ਤਬੀਅਤ ਖ਼ਰਾਬ ਸੀ, ਪਰ ਉਸਨੇ ਛੁੱਟੀ ਲੈਣ ਦੀ ਬਜਾਏ ਘਰੋਂ ਹੀ ਕੰਮ ਕਰਨਾ ਜਾਰੀ ਰੱਖਿਆ। ਕੁਝ ਸਮੇਂ ਬਾਅਦ ਉਹ ਅਚਾਨਕ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੈਡੀਕਲ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਸੀ।

ਪਰਿਵਾਰ ਦਾ ਦਰਦ 
ਗਾਓ ਨੂੰ 2021 ਵਿੱਚ ਪ੍ਰੋਮੋਸ਼ਨ ਮਿਲਣ ਤੋਂ ਬਾਅਦ ਉਹ ਟੀਮ ਲੀਡਰ ਬਣ ਗਿਆ ਸੀ, ਜਿਸ ਤੋਂ ਬਾਅਦ ਉਸ ਲਈ ਦੇਰ ਰਾਤ ਤੱਕ ਕੰਮ ਕਰਨਾ ਅਤੇ ਓਵਰਟਾਈਮ ਕਰਨਾ ਆਮ ਗੱਲ ਹੋ ਗਈ ਸੀ। ਉਸਦੀ ਪਤਨੀ ਲੀ ਨੇ ਭਾਵੁਕ ਹੁੰਦਿਆਂ ਕਿਹਾ, "ਜੇਕਰ ਮੈਂ ਸਮਾਂ ਪਿੱਛੇ ਲੈ ਜਾ ਪਾਉਂਦੀ, ਤਾਂ ਮੈਂ ਉਸਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਦਿੰਦੀ"।

'996 ਕਲਚਰ' 'ਤੇ ਫਿਰ ਛਿੜੀ ਬਹਿਸ 
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚੀਨ ਦੇ '996 ਕਲਚਰ' (ਸਵੇਰੇ 9 ਤੋਂ ਰਾਤ 9 ਵਜੇ ਤੱਕ, ਹਫ਼ਤੇ ਵਿੱਚ 6 ਦਿਨ ਕੰਮ) 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ ਚੀਨੀ ਕਿਰਤ ਕਾਨੂੰਨ ਅਨੁਸਾਰ ਇੱਕ ਕਰਮਚਾਰੀ ਨੂੰ ਦਿਨ ਵਿੱਚ 8 ਘੰਟੇ ਅਤੇ ਹਫ਼ਤੇ ਵਿੱਚ 44 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ, ਪਰ ਅਸਲ ਵਿੱਚ ਕੰਪਨੀਆਂ ਇਸ ਤੋਂ ਕਿਤੇ ਵੱਧ ਕੰਮ ਕਰਵਾਉਂਦੀਆਂ ਹਨ। ਲੋਕ ਹੁਣ ਸਵਾਲ ਉਠਾ ਰਹੇ ਹਨ ਕਿ ਕੀ ਕਿਸੇ ਕੰਪਨੀ ਦੀ ਨੌਕਰੀ ਇਨਸਾਨ ਦੀ ਜਾਨ ਤੋਂ ਵੀ ਜ਼ਿਆਦਾ ਕੀਮਤੀ ਹੈ?
 


author

Inder Prajapati

Content Editor

Related News