ਯਮਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖਾਸਤ

10/16/2018 12:34:35 PM

ਸਨਾ (ਭਾਸ਼ਾ)— ਯਮਨ ਦੇ ਰਾਸ਼ਟਰਪਤੀ ਆਬਿਦ ਰੱਬੋ ਮਨਸੂਰ ਹਾਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਹਿਮਦ ਓਬੇਦ ਬਿਨ ਡਾਗਰ ਨੂੰ ਬਰਖਾਸਤ ਕਰ ਦਿੱਤਾ ਹੈ। ਹਾਦੀ ਨੇ ਡਾਗਰ 'ਤੇ ਦੇਸ਼ ਦਾ ਸ਼ਾਸਨ ਚਲਾਉਣ ਵਿਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ। ਸੋਮਵਾਰ ਦੇਰ ਰਾਤ ਹਾਦੀ ਦੇ ਦਫਤਰ ਨੇ ਕਿਹਾ ਕਿ ਡਾਗਰ ਆਰਥਿਕ ਮੋਰਚੇ 'ਤੇ ਖਰਾਬ ਪ੍ਰਦਰਸ਼ਨ ਦੇ ਦੋਸ਼ੀ ਹਨ ਅਤੇ ਉਹ ਮੁਦਰਾ ਨੂੰ ਡਿੱਗਣ ਤੋਂ ਰੋਕਣ ਵਿਚ ਅਸਫਲ ਰਹੇ। ਰਾਸ਼ਟਰਪਤੀ ਦਫਤਰ ਦੇ ਬਿਆਨ ਵਿਚ ਮਈਨ ਅਬਦੁੱਲ ਮਲਿਕ ਸਈਦ ਨੂੰ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ। ਪਹਿਲਾਂ ਉਹ ਜਨਤਕ ਮਾਮਲਿਆਂ ਦੇ ਅਤੇ ਸੜਕ ਮੰਤਰੀ ਸਨ। 

ਇੱਥੇ ਦੱਸ ਦਈਏ ਕਿ ਯਮਨ ਯੁੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਸਾਊਦੀ ਅਰਬ ਦੀ ਅਗਵਾਈ ਵਾਲਾ ਗਠਜੋੜ ਮਾਰਚ 2015 ਤੋਂ ਹੀ ਸ਼ੀਆ ਹੂਥੀ ਬਾਗੀਆਂ ਵਿਰੁੱਧ ਹਾਦੀ ਨੂੰ ਸਰਕਾਰ ਦਾ ਸਮਰਥਨ ਕਰ ਰਿਹਾ ਹੈ। ਯਮਨ ਦੀ ਸਰਕਾਰ ਮੁੱਖ ਤੌਰ 'ਤੇ ਸਾਊਦੀ ਅਰਬ ਤੋਂ ਹੀ ਕੰਮ ਕਰ ਰਹੀ ਹੈ ਕਿਉਂਕਿ ਰਾਜਧਾਨੀ ਸਨਾ 'ਤੇ ਬਾਗੀਆਂ ਦਾ ਕਬਜ਼ਾ ਹੈ। ਇਕ ਅਨੁਮਾਨ ਮੁਤਾਬਕ ਯਮਨ ਵਿਚ ਜਾਰੀ ਸੰਘਰਸ਼ ਵਿਚ ਹੁਣ ਤੱਕ 10,000 ਲੋਕ ਮਾਰੇ ਜਾ ਚੁੱਕੇ ਹਨ।


Related News