ਅਦਨ ਨੇੜੇ ਹਵਾਈ ਹਮਲੇ ’ਚ ਘੱਟੋ-ਘੱਟ 30 ਸੈਨਿਕਾਂ ਦੀ ਮੌਤ : ਦਾਅਵਾ
Thursday, Aug 29, 2019 - 04:37 PM (IST)

ਕਾਹਿਰਾ (ਭਾਸ਼ਾ)— ਯਮਨ ਦੇ ਇਕ ਕਮਾਂਡਰ ਨੇ ਦਾਅਵਾ ਕੀਤਾ ਹੈ ਕਿ ਬੰਦਰਗਾਹ ਸ਼ਹਿਰ ਅਦਨ ਵੱਲ ਵੱਧ ਰਹੇ ਸਰਕਾਰੀ ਬਲਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ। ਇਸ ਹਵਾਈ ਹਮਲੇ ਵਿਚ ਘੱਟੋ-ਘੱਟ 30 ਸੈਨਿਕਾਂ ਦੀ ਮੌਤ ਹੋ ਗਈ। ਵਿਸ਼ੇਸ਼ ਬਲਾਂ ਦੇ ਕਮਾਂਡਰ ਕਰਨਲ ਮੁਹੰਮਦ ਅਲ-ਓਬਨ ਨੇ ਕਿਹਾ ਕਿ ਫੌਜ ਵੀਰਵਾਰ ਨੂੰ ਅਦਨ ਵੱਲ ਵੱਧ ਰਹੀ ਸੀ, ਉਸੇ ਦੌਰਾਨ ਹਵਾਈ ਹਮਲੇ ਹੋਏ।
ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਹਵਾਈ ਹਮਲਿਆਂ ਦੇ ਪਿੱਛੇ ਕੌਣ ਸੀ। ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਜਹਾਜ਼ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਵੱਲੋਂ ਸਨ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਅਧਿਕਾਰੀਆਂ ਨੇ ਇਸ ਸੰਬੰਧ ਵਿਚ ਤੁਰੰਤ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗਠਜੋੜ ਵਿਚ ਯੂ.ਏ.ਈ. ਵੀ ਸ਼ਾਮਲ ਹੈ।