ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਸੁੰਨੀਆਂ ਕੀਤੀਆਂ ਕਈ ਮਾਵਾਂ ਦੀਆਂ ਕੁੱਖਾਂ, ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2021
Saturday, Dec 25, 2021 - 05:30 PM (IST)
ਜਲੰਧਰ (ਇੰਟਰਨੈਸ਼ਨਲ ਡੈਸਕ): ਸਾਲ 2021 ਖ਼ਤਮ ਹੋਣ ਦੇ ਕੰਢੇ ’ਤੇ ਹੈ। ਇਸ ਵਰ੍ਹੇ ਵਿਦੇਸ਼ ਦੀ ਧਰਤੀ ’ਤੇ ਕਦੇ ਨਾ ਭੁੱਲਣ ਯੋਗ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ’ਚ ਜਿੱਥੇ ਪੰਜਾਬ ਦੇ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਗਈਆਂ, ਉੱਥੇ ਹੀ ਪੰਜਾਬ ’ਚ ਵੱਸਦੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵੀ ਉਜਾੜ ਕੇ ਰੱਖ ਦਿੱਤੇ। ਅੱਜ ‘ਜਗ ਬਾਣੀ’ ਤੁਹਾਨੂੰ ਸਾਲ 2021 ’ਚ ਵਿਦੇਸ਼ਾਂ ਵਿਚ ਵਾਪਰੇ ਉਨ੍ਹਾਂ ਦਿਲ ਕੰਬਾਊ ਹਾਦਸਿਆਂ ਬਾਰੇ ਜਾਣੂ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਸਹਿਜੇ ਭੁਲਾਇਆ ਨਹੀਂ ਜਾ ਸਕਦਾ।
ਕੈਨੇਡਾ 'ਚ ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ
ਕੈਨੇਡਾ 'ਚ ਜਨਵਰੀ ਮਹੀਨੇ ਹਾਈਵੇਅ 401 'ਤੇ ਗੁਲਫ ਲਾਇਨ ਦੇ ਲਾਗੇ ਅਤੇ ਹਾਈਵੇਅ 6 'ਤੇ ਵਾਪਰੇ ਸੜਕ ਹਾਸਦੇ ਵਿਚ SUV ਅਤੇ ਟਰੈਕਟਰ ਟਰੇਲਰ ਵਿਚਕਾਰ ਹੋਈ ਟੱਕਰ ਵਿਚ 2 ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਸੰਘਾ (22) ਅਤੇ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਵਜੋਂ ਹੋਈ ਸੀ।
ਇਟਲੀ 'ਚ ਪੰਜਾਬੀ ਨੌਜਵਾਨ ਲਈ ਤੇਜ਼ ਰਫਤਾਰ ਬਣੀ ਕਾਲ
ਇਟਲੀ ਦੇ ਸ਼ਹਿਰ ਫੌਂਦੀ ਵਿਚ ਫਰਵਰੀ ਮਹੀਨੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਹਰਭਿੰਦਰ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ, ਆਪਣੀ ਸਾਈਕਲ 'ਤੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ, ਪਰ ਇਕ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਹਰਭਿੰਦਰ ਸਿੰਘ ਸਪੁੱਤਰ ਮੰਗਲ ਸਿੰਘ ਪਿੰਡ ਮਹਿਤਾ ਚੌਕ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।
ਕੈਨੇਡਾ 'ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ
ਕੈਨੇਡਾ ਦੇ ਸੂਬੇ ਸਸਕੈਚਵਨ ਵਿਚ ਮਾਰਚ ਮਹੀਨੇ ਆਏ ਬਰਫ਼ੀਲੇ ਤੂਫਾਨ ਵਿਚ ਵਿਨੀਪੈਗ (ਕੈਨੇਡਾ) ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਡਰਾਈਵਰ ਕ੍ਰਿਪਾਲ ਸਿੰਘ ਗਿੱਲ ਦੀ ਜਾਨ ਚਲੀ ਗਈ ਸੀ। 29 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਲੂ ਨੰਗਲ ਦਾ ਵਸਨੀਕ ਕ੍ਰਿਪਾਲ ਸਿੰਘ ਗਿੱਲ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ। ਕ੍ਰਿਪਾਲ ਪੜ੍ਹਾਈ ਦੇ ਨਾਲ-ਨਾਲ ਟਰੱਕ ਚਲਾਉਣ ਦਾ ਕੰਮ ਵੀ ਕਰਦਾ ਸੀ। ਜਦੋਂ ਬੀਤੀ 29 ਮਾਰਚ ਨੂੰ ਉਹ ਟਰੱਕ ਲੈ ਕੇ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਤਾਂ ਸਸਕੈਚਵਨ ਸੂਬੇ ਦੇ ਸ਼ਹਿਰ ਚੈਪਲਿਨ ਨੇੜੇ ਆਏ ਇਕ ਚੱਕਰਵਰਤੀ ਤੂਫ਼ਾਨ ਦੀ ਲਪੇਟ ਵਿਚ ਆ ਜਾਣ ਕਾਰਨ ਟਰੱਕ ਹਾਦਸਾ ਗ੍ਰਸਤ ਹੋ ਗਿਆ, ਜਿਸ ਦੌਰਾਨ ਕਿਰਪਾਲ ਸਿੰਘ ਗਿੱਲ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ
ਟਾਂਡਾ ਦੇ ਪਿੰਡ ਮਿਆਣੀ ਨਾਲ ਸਬੰਧਤ ਨੌਜਵਾਨ ਦੀ ਅਪ੍ਰੈਲ ਮਹੀਨੇ ਇਟਲੀ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਪੂਨਮਦੀਪ ਸਿੰਘ ਸ਼ੈਰੀ (26) ਪੁੱਤਰ ਸਵਰਗਵਾਸੀ ਹਰਭਜਨ ਸਿੰਘ ਦੇ ਰੂਪ ਵਿਚ ਹੋਈ ਸੀ।
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ
ਕੈਨੇਡਾ ਵਿਚ ਜੂਨ ਮਹੀਨੇ ਇਕ 25 ਸਾਲਾ ਨੌਜਵਾਨ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਨੌਜਵਾਨ ਸਾਹਿਲ ਹਾਂਡਾ ਪੰਜਾਬ ਨਾਲ ਸਬੰਧ ਰੱਖਦਾ ਸੀ। ਉਹ ਪੰਜਾਬ ਦੇ ਗੁਰੂਹਰਸਾਏ ਦੇ ਪਿੰਡ ਅਮੀਰ ਖਾਸ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਦਾ ਪੁੱਤਰ ਸੀ।
ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ
ਜੂਨ ਮਹੀਨੇ ਅਮਰੀਕਾ ਦੇ ਸੂਬੇ ਮੌਨਟਾਨਾ ਵਿਖੇ ਵਾਪਰੇ ਇਕ ਭਿਆਨਕ ਟਰੱਕ/ਟਰੇਨ ਹਾਦਸੇ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮਰਨ ਵਾਲੇ ਇਕ ਨੌਜਵਾਨ ਡਰਾਈਵਰ ਦੀ ਪਛਾਣ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਨਾਲ ਪਿਛੋਕੜ ਰੱਖਣ ਵਾਲੇ ਤਰਨਪ੍ਰੀਤ ਸਿੰਘ ਥਾਂਦੀ ਦੇ ਵਜੋਂ ਹੋਈ ਸੀ। ਤਰਨਪ੍ਰੀਤ ਸਿੰਘ ਥਾਂਦੀ 4 ਕੁ ਸਾਲ ਪਹਿਲਾ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ ਅਤੇ ਹਾਲੇ ਅਨਮੈਰਿਡ ਸੀ। ਤਰਨਪ੍ਰੀਤ ਦੀ ਉਮਰ ਮਹਿਜ਼ 24 ਸਾਲ ਸੀ। ਹਾਲਾਂਕਿ ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਹੀ ਪਤਾ ਲੱਗਾ ਸੀ ਕਿ ਉਹ ਟਰੱਕ ਡਰਾਈਵਰ ਨਹੀਂ ਸੀ ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਭਾਰਤ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ 'ਤੇ ਗਿਆ ਸੀ।
ਕੈਨੇਡਾ 'ਚ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ
ਜੂਨ ਮਹੀਨੇ ਕੈਨੇਡਾ ਦੇ ਸੂਬੇ ਉਨਟਾਰੀਉ ਦੀ ਵਸਾਗਾ ਨਾਮੀਂ ਬੀਚ 'ਤੇ ਇਕ 22 ਸਾਲਾ ਬਰੈਂਪਟਨ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਕੈਨੇਡਾ ਵਿਖੇ ਪੜ੍ਹਣ ਆਇਆ ਸੀ ਅਤੇ ਉਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਨਾਲ ਸੀ।
ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 'ਚ ਅਗਸਤ ਮਹੀਨੇ ਵਾਪਰੇ ਕਾਰ ਸੜਕ ਹਾਦਸੇ ਵਿਚ 1 ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ ਹੀ ਗਈ ਸੀ। ਸਰੀ, ਬੀ.ਸੀ. ਵਿਚ ਇਨ੍ਹਾਂ ਖਿਡਾਰੀਆਂ ਦੀ ਕਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਕੈਲੇਬ ਰੀਮਰ, ਪਾਰਕਰ ਮੈਗਨੁਸਨ ਅਤੇ ਪੰਜਾਬੀ ਮੂਲ ਦੇ ਰੋਨਿਨ ਸ਼ਰਮਾ ਦੀ ਜਾਨ ਚਲੀ ਗਈ ਸੀ।
ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ
ਮੋਗਾ ਦੇ ਪਿੰਡ ਕਪੂਰੇ ਤੋਂ ਤਿੰਨ ਵਰ੍ਹੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਰਾਜਿੰਦਰ ਸਿੰਘ (26) ਦੀ ਸਤੰਬਰ ਮਹੀਨੇ ਕੈਨੇਡਾ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮ੍ਰਿਤਕ ਦੇ ਪਿਤਾ ਆਤਮਾ ਸਿੰਘ ਅਤੇ ਚਾਚਾ ਬਲਜਿੰਦਰ ਸਿੰਘ ਸੰਮਤੀ ਮੈਂਬਰ ਮੁਤਾਬਕ ਰਾਜਿੰਦਰ ਸਿੰਘ ਟਰੱਕ ਚਾਲਕ ਸੀ ਅਤੇ ਟਰੱਕ ਦੇ ਅਚਾਨਕ ਹਾਦਸਾਗ੍ਰਸਤ ਹੋਣ ਕਰ ਕੇ ਮੌਤ ਦੇ ਮੂੰਹ ਚਲਾ ਗਿਆ।
ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਸਤੰਬਰ ਮਹੀਨੇ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਸ਼ਹਿਰ ਮਨਸੀ ਵਿਖੇ ਗੈਸ ਸਟੇਸ਼ਨ ਤੋਂ ਕੰਮ ਕਰਕੇ ਪੈਦਲ ਜਾ ਰਹੇ ਇਕ ਪੰਜਾਬੀ ਮੂਲ ਦੇ ਨੌਜਵਾਨ ਰਣਜੀਤ ਸਿੰਘ ਉਮਰ (26) ਸਾਲ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਣਜੀਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਪਟਿਆਲਾ ਦਾ ਪਿੰਡ ਮਾਣਕਪੁਰ ਖੇੜਾ ਸੀ। ਮ੍ਰਿਤਕ ਰੋਜ਼ੀ ਰੋਟੀ ਲਈ ਪੰਜਾਬ ਤੋਂ ਸਿਰਫ਼ ਇਕ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ।
ਨਿਊਯਾਰਕ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਦੇ ਇਲਾਕੇ ਰਿਚਮੰਡ ਹਿੱਲ 'ਚ ਆਪਣੇ ਪਰਿਵਾਰ ਨਾਲ ਰਹਿੰਦੇ ਪੰਜਾਬੀ ਨੌਜਵਾਨ ਕੁਲਦੀਪ ਸਿੰਘ (ਉਮਰ 21 ਸਾਲ) ਦੀ ਸਤੰਬਰ ਮਹੀਨੇ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿਚ ਮੌਤ ਹੋ ਗਈ ਸੀ। ਨਿਊਯਾਰਕ ਸਿਟੀ 'ਚ ਉਬੇਰ ਦਾ ਡਰਾਈਵਰ ਕੁਲਦੀਪ ਸਿੰਘ ਹਾਰਲੇਮ ਨਿਊਯਾਰਕ ਦੇ ਇਲਾਕੇ 'ਚ 15 ਸਾਲਾ ਦੇ ਮੁੰਡੇ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼਼ਮੀ ਹੋ ਗਿਆ ਸੀ। ਇਹ ਗੋਲੀ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ, ਜਿਸ ਮਗਰੋਂ ਉਸ ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਉਸ ਦੀ ਮੌਤ ਹੋ ਗਈ। ਕੁਲਦੀਪ ਸਿੰਘ ਪੁੱਤਰ ਬੀਰਬਹਾਦਰ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੈਂਸਾਂ ਨਾਲ ਦੱਸਿਆ ਜਾਂਦਾ ਹੈ।
ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਅਮਰੀਕਾ ਦੇ ਸੂਬੇ ਟੈਕਸਾਸ ਦੇ ਟਾਊਨ ਲਿਬਰਟੀ 'ਚ ਹਰੀਰੇ 90 'ਤੇ ਸਥਿੱਤ ਇਕ ਸਟੋਰ 'ਤੇ ਕੰਮ ਕਰਦੇ ਪੰਜਾਬੀ ਮੂਲ ਦੇ (22) ਸਾਲਾ ਨੌਜਵਾਨ ਗੁਰਜੀਤਪਾਲ ਸਿੰਘ ਦਾ ਸਤੰਬਰ ਮਹੀਨੇ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ 'ਚ ਦਾਖ਼ਲ ਹੋ ਕੇ ਗੋਲੀ ਮਾਰ ਕਤਲ ਕਰ ਦਿੱਤਾ ਸੀ। ਨੌਜਵਾਨ ਦਾ ਪਿਛੋਕੜ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਆਉਂਦਾ ਪੈਂਦੇ ਪਿੰਡ ਬੱਸੀ ਨਾਲ ਸੀ।
ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ
ਕੈਨੇਡਾ ਦੇ ਨੋਵਾਸਕੋਚੀਆ ਸੂਬੇ ਦੇ ਸ਼ਹਿਰ ਹੈਲੀਪੈਕ ਵਿਖੇ ਪੰਜਾਬ ਤੋਂ ਇੱਥੇ ਪੜ੍ਹਨ ਆਏ ਇਕ ਪੰਜਾਬੀ ਮੂਲ ਦੇ ਨੌਜਵਾਨ ਵਿਦਿਆਰਥੀ ਪ੍ਰਭਜੋਤ ਸਿੰਘ ਦਾ ਸਤੰਬਰ ਮਹੀਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਨਾਲ ਉਸ ਦੇ ਘਰ ਦੇ ਸਾਹਮਣੇ ਹੀ ਪਾਰਕਿੰਗ ਵਿਚ ਗੱਡੀ ਲਾਉਣ ਨੂੰ ਲੈ ਕੇ 2 ਗੋਰਿਆਂ ਨੇ ਝਗੜਾ ਕੀਤਾ ਸੀ। ਉਨ੍ਹਾਂ ਗੋਰਿਆਂ ਵੱਲੋਂ ਪ੍ਰਭਜੋਤ ਸਿੰਘ ਦੀ ਗਰਦਨ 'ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦਾ ਜ਼ਿਆਦਾ ਖ਼ੂਨ ਵਹਿ ਗਿਆ ਤੇ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਪ੍ਰਭਜੋਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਨਾਲ ਸੀ।
ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਸਰੀ ਵਿਖੇ ਸਤੰਬਰ ਮਹੀਨੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਅੰਤਰ-ਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਵਿਚ ਕੁਲਬੀਰ ਸਿੰਘ ਅਤੇ ਉਸ ਦੇ ਸਾਥੀ ਨੌਜਵਾਨ ਸਿਧਾਂਤ ਗਰਗ ਦੀ ਮੌਤ ਹੋ ਗਈ ਸੀ। ਮਾਰੇ ਗਏ ਦੋਵੇਂ ਨੌਜਵਾਨ ਪੰਜਾਬ ਦੇ ਫਰੀਦਕੋਟ ਸ਼ਹਿਰ ਨਾਲ ਸਬੰਧਤ ਸਨ।
ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ
ਸੱਤ ਵਰ੍ਹੇ ਪਹਿਲਾਂ ਮਨ ਅੰਦਰ ਚੰਗੇ ਸੁਪਨੇ ਲੈ ਕੇ ਆਪਣੇ ਚੰਗੇ ਭਵਿੱਖ ਲਈ ਮਲੇਸ਼ੀਆਂ ਗਏ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਨੌਜਵਾਨ ਅਮਨਪ੍ਰੀਤ ਸਿੰਘ (39) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰ ਕੇ ਦਿਹਾਂਤ ਹੋ ਗਿਆ ਸੀ। ਫਲਾਇਟਾਂ ਬੰਦ ਹੋਣ ਕਰ ਕੇ ਮਾਪੇ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਨਹੀਂ ਵੇਖ ਸਕੇ ਸਨ।