ਸਾਲ 2023 ਪ੍ਰਵਾਸੀਆਂ ਲਈ ਅਣਹੋਣੀਆਂ ਨਾਲ ਰਿਹਾ ਭਰਿਆ, ਸਿੱਖ ਸੰਗਤ ਦੀ ਆਸ ਨੂੰ ਵੀ ਨਹੀਂ ਪਿਆ ਬੂਰ
Sunday, Dec 31, 2023 - 01:35 PM (IST)

ਰੋਮ (ਦਲਵੀਰ ਕੈਂਥ): ਸਾਲ 2023 ਭਾਰਤ-ਇਟਲੀ ਦੇ ਵਪਾਰਕ ਸੰਬਧਾਂ ਦਾ 75ਵਾਂ ਸਾਲ ਸੀ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਗਹਿਗਚ ਹੋ ਇਸ ਵਰੇਗੰਢ ਨੂੰ ਮਨਾਇਆ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵਿਸ਼ੇਸ਼ ਤੌਰ 'ਤੇ ਭਾਰਤ ਮਹਿਮਾਨ ਨਿਵਾਜੀ 'ਤੇ ਗਈ ਪਰ ਇਸ ਦੇ ਬਾਵਜੂਦ ਇਟਲੀ ਰਹਿਣ ਬਸੇਰਾ ਕਰਦੇ ਭਾਰਤੀਆਂ ਨੂੰ ਇਸ ਮਿਲਾਪ ਦਾ ਕੋਈ ਜ਼ਿਆਦਾ ਫ਼ਾਇਦਾ ਨਹੀਂ ਦਿਸਿਆ। ਇਹ ਸਾਲ ਪ੍ਰਵਾਸੀਆਂ ਲਈ ਮਾੜਾ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਫਰਵਰੀ ਵਿੱਚ 60 ਤੋਂ ਵੱਧ ਲੋਕਾਂ ਦੀ ਉ਼ਦੋਂ ਕਲਾਬਰੀਆ ਨੇੜੇ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂ ਇੱਕ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਖਚਾਖਚ ਭਰੀ ਕਿਸ਼ਤੀ ਜਿਹੜੀ ਤੁਰਕੀ ਤੋਂ 180 ਤੋਂ ਵਧੇਰੇ ਲੋਕਾਂ ਨੂੰ ਲੈਕੇ ਇਟਲੀ ਆ ਰਹੀ ਸੀ, ਹਾਦਸੇ ਦੀ ਸ਼ਿਕਾਰ ਹੋ ਗਈ।
ਇਸ ਵਿੱਚ ਹੋਰ ਦੇਸ਼ਾਂ ਤੋਂ ਇਲਾਵਾ ਪਾਕਿਸਤਾਨ ਦੇ ਨਾਗਰਿਕ ਵੀ ਸ਼ਾਮਲ ਸਨ। ਗੈਰ-ਕਾਨੂੰਨੀ ਪ੍ਰਵਾਸੀ ਜਿਹੜੇ ਕਿ ਘਰ ਦੀ ਮਾੜੀ ਆਰਥਿਕਤਾ ਤੋਂ ਦੁਖੀ ਹੋ ਬਿਹਤਰ ਭੱਵਿਖ ਬਣਾਉਣ ਲਈ ਅਜਿਹੇ ਸਫ਼ਰ ਦੇ ਪਾਂਧੀ ਹੋ ਤੁਰਦੇ ਹਨ ਜਿਹੜਾ ਉਹਨਾਂ ਨੂੰ ਸਿਰਫ਼ ਮੌਤ ਦੇ ਮੂੰਹ ਵਿੱਚ ਲੈ ਜਾਂਦਾ ਹੈ। ਬੇਸ਼ੱਕ ਪਿਛਲੇ 10 ਸਾਲਾਂ ਵਿੱਚ ਸਮੁੰਦਰੀ ਰਸਤੇ ਯੂਰਪੀਅਨ ਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 26 ਹਜ਼ਾਰ ਮਜਬੂਰ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਭੂ-ਮੱਧਰ ਸਾਗਰ ਕਾਲ ਬਣ ਚੁੱਕਾ ਹੈ ਪਰ ਇਸ ਦੇ ਬਾਵਜੂਦ ਮੌਤ ਦਾ ਇਹ ਸਫ਼ਰ ਅੱਜ ਵੀ ਜਾਰੀ ਹੈ।
ਸੈਂਕਰੇ ਲੋਕਾਂ ਨੇ ਗੁਆਈਆਂ ਜਾਨਾਂ
ਸਾਲ 2023 ਵਿੱਚ ਵੀ ਸੈਂਕੜੇ ਲੋਕ ਇਸ ਸਫ਼ਰ ਰਾਹੀ ਦੁਨੀਆ ਤੋਂ ਰੁਖ਼ਸਤ ਹੋ ਗਏ। ਇਸ ਸਾਲ ਕੁਦਰਤੀ ਆਫ਼ਤਾਂ ਵੀ ਆਮ ਲੋਕਾਂ ਲਈ ਜਮਦੂਤ ਹੀ ਬਣਕੇ ਆਉਂਦੀਆਂ ਰਹੀਆਂ। ਗਰੀਸ ਵਿੱਚ ਮਾਰਚ ਦੌਰਾਨ ਇੱਕ ਰੇਲ ਹਾਦਸੇ ਦੌਰਾਨ 36 ਤੋਂ ਵੱਧ ਲੋਕਾਂ ਦੀ ਮੌਤ ਦਾ ਦਰਦ ਉਹਨਾਂ ਦੇ ਪਰਿਵਾਰਾਂ ਨੂੰ ਕਦੀਂ ਵੀ ਨਹੀ ਭੁੱਲ ਸਕੇਗਾ। ਮਾਰਚ ਵਿੱਚ ਹੀ ਤੋਰੀਨੋ ਇਲਾਕੇ ਦੇ ਇੱਕ ਪਾਕਿਸਤਾਨ ਮੂਲ ਦੇ ਨੌਜਵਾਨ ਪੁੱਤਰ ਵੱਲੋਂ ਆਪਣੀ ਮਾਂ ਦਾ ਹਥੌੜਾ ਮਾਰ ਕੀਤਾ ਕਤਲ ਪੂਰੀ ਇਨਸਾਨੀਅਤ ਲਈ ਸ਼ਰਮਸਾਰ ਕਰਦੀ ਘਟਨਾ ਸੀ ਜਿਸ ਬਾਰੇ ਸੋਚ ਕਿ ਹੀ ਦਿਲ ਕੰਬ ਉੱਠਦਾ। ਇਸ ਸਾਲ ਮਈ ਵਿੱਚ ਕੁਦਰਤੀ ਆਫ਼ਤ ਹੜ੍ਹਾਂ ਨੇ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਦਾ ਅਰਬਾਂ ਯੂਰੋ ਨੁਕਸਾਨ ਕਰਨ ਦੇ ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ। ਹਜ਼ਾਰਾਂ ਲੋਕਾਂ ਨੂੰ ਬੇਘਰ ਕੀਤਾ ਤੇ 30 ਤੋਂ ਉਪੱਰ ਲੋਕਾਂ ਦੀ ਮੌਤ ਦਾ ਕਾਰਨ ਬਣੇ ਹੜ੍ਹਾਂ ਨੇ ਸੂਬੇ ਦੀ ਆਰਥਿਕਤਾਂ ਨੂੰ ਡੂੰਘਾ ਝੰਬਿਆ।
ਬੱਚੇ ਹੋਏ ਲਾਪਤਾ
ਇਹ ਸਾਲ ਬੱਚਿਆਂ ਲਈ ਵੀ ਮਾੜਾ ਰਿਹਾ, ਜਿਸ ਅਨੁਸਾਰ ਹਜ਼ਾਰਾਂ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਬੱਚੇ ਲਾਪਤਾ ਹੋਏ, ਜਿਹਨਾਂ ਨੂੰ ਲੱਭਣ ਲਈ ਪੁਲਸ ਸੰਜੀਦਾ ਹੋਣ ਦੇ ਬਾਵਜੂਦ ਨਿਰਾਸ਼ਾ ਵਿੱਚੋਂ ਲੰਘ ਰਹੀ ਹੈ। ਇਸ ਸਾਲ ਭਾਰਤੀ ਕਾਮਿਆਂ ਨਾਲ ਵੀ ਹਾਕਮ ਧੀਰਾਂ ਵੱਲੋਂ ਧੱਕਾਂ ਹੀ ਕੀਤਾ ਗਿਆ, ਜਿਸ ਕਾਰਨ ਸੈਂਕੜੇ ਪਰਿਵਾਰ ਨੇ ਕਾਮਿਆਂ ਨਾਲ ਰਲ-ਮਿਲ ਲੜੀ ਲੜਾਈ ਪਰ ਇਟਾਲੀਅਨ ਮਾਲਕ ਟੱਸ ਤੋ ਮੱਸ ਨਹੀਂ ਹੋਈਆ। ਇਟਲੀ ਵਿੱਚ ਕੰਮਾਂ ਤੋਂ ਆਉਂਦੇ ਜਾਂਦੇ ਹਰ ਸਾਲ ਅਨੇਕਾਂ ਮਾਵਾਂ ਦੇ ਲਾਲ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਮਾਪਿਆਂ ਨੂੰ ਰੋਂਦਿਆਂ ਛੱਡ ਜਹਾਨੋ ਤੁਰ ਜਾਂਦੇ ਹਨ। ਇਸ ਸਾਲ ਇਹ ਕੁਦਰਤੀ ਕਹਿਰ ਸਾਲ ਦੇ ਆਖ਼ਰੀ ਦਿਨਾਂ ਵਿੱਚ ਜ਼ਿਆਦਾ ਰਿਹਾ, ਜਿਸ ਕਾਰਨ ਸਾਲ 2023 ਭਾਰਤੀਆਂ ਲਈ ਕੋਈ ਜ਼ਿਆਦਾ ਚੰਗਾ ਨਹੀਂ ਸਾਬਤ ਹੋਇਆ।ਇਸ ਸਾਲ ਜਿੱਥੇ ਕੁਦਰਤੀ ਕਹਿਰ ਪ੍ਰਵਾਸੀ ਤੇ ਇਟਾਲੀਅਨ ਲੋਕਾਂ ਨੂੰ ਝੰਬਿਆ, ਉੱਥੇ ਪ੍ਰਵਾਸੀਆਂ ਦਾ ਆਪਸੀ ਖਹਿਬਾਜੀ ਕਾਰਨ ਕੀਤਾ ਆਪਣਿਆਂ ਵੱਲੋਂ ਆਪਣਿਆ ਦਾ ਹੀ ਕਤਲ ਇਟਲੀ ਵਿੱਚ ਪ੍ਰਵਾਸੀਆਂ ਦੇ ਭੱਵਿਖ ਨੂੰ ਧੁੰਦਲਾ ਕਰਦਾ ਨਜ਼ਰੀ ਆਉਂਦਾ ਹੈ।
ਪ੍ਰਵਾਸੀਆਂ ਦੀ ਮੌਤ
ਇਸ ਸਾਲ ਵੀ ਕਈ ਨੌਜਵਾਨ ਜਿਹੜੇ ਘਰ ਦੀ ਗਰੀਬੀ ਦੂਰ ਕਰਨ ਲਈ ਲੱਖਾਂ ਦਾ ਕਰਜ਼ਾ ਚੁੱਕ ਮਾਪਿਆਂ ਦਾ ਸਹਾਰਾ ਬਣਨ ਇਟਲੀ ਆਏ ਸਨ, ਸੜਕ ਹਾਦਸਿਆਂ ਵਿੱਚ ਉਹਨਾਂ ਦੀ ਜਾਨ ਭੰਗ ਦੇ ਭਾੜੇ ਹੀ ਚਲੀ ਗਈ। ਸੜਕ ਹਾਦਸਿਆਂ ਤੋਂ ਇਲਾਵਾਂ ਕੁਦਰਤੀ ਮੌਤਾਂ ਵੀ ਭਾਰਤੀ ਭਾਈਚਾਰੇ ਨੂੰ ਸਦਮੇਂ ਤੋਂ ਬਾਹਰ ਨਹੀਂ ਆਉਣ ਦਿੱਤਾ। ਅਗਸਤ ਵਿੱਚ ਨੀਲ ਨਾਮ ਦੇ ਵਾਇਰਸ ਨੇ ਇਟਲੀ ਵਿੱਚ ਦਸਤਕ ਦਿੱਤੀ ਸੀ ਪਰ ਸਰਕਾਰ ਦੀ ਸਮਝਦਾਰੀ ਤੇ ਸਿਹਤ ਵਿਭਾਗ ਦੀ ਸੰਜੀਦਗੀ ਤੇ ਸਾਵਧਾਨੀ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਰਿਹਾ।ਇਸ ਸਾਲ ਭਾਰਤੀ ਭਾਈਚਾਰੇੇ ਦੇ ਬੱਚਿਆਂ ਨੇ ਵਿੱਦਿਅਦਕ ਖੇਤਰ ਤੇ ਸਰਕਾਰੀ ਮਹਿਕਮਿਆਂ ਵਿੱਚ ਆਪਣੀ ਕਾਬਲੀਅਤ ਦੇ ਬਲਬੂਤੇ ਪੂਰੀ ਧੱਕ ਪਾਈ, ਜਿਸ ਨਾਲ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਭਾਰਤੀਆਂ ਦੀ ਮਿਹਨਤ ਦਾ ਲੋਹਾ ਮੰਨਿਆਂ।
ਸਿੱਖ ਸੰਗਤ ਦੀ ਆਸ ਨੂੰ ਨਹੀਂ ਪਿਆ ਬੂਰ
ਇਸ ਸਾਲ ਵੀ ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਇਟਲੀ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਨੇ ਵੱਧ ਚੜ੍ਹ ਸੇਵਾ ਨਿਭਾਈ।ਇਸ ਸਾਲ ਮਹਾਨ ਸਿੱਖ ਧਰਮ ਦੀ ਸ਼ਾਨ ਦਸਤਾਰ ਨੂੰ ਵੀ ਇੱਥੋਂ ਦੇ ਜਾਨਵਰਾਂ ਦੇ ਡਾਕਟਰਾਂ ਨੇ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਬਾਬਤ ਉਹਨਾਂ ਬਾਅਦ ਵਿੱਚ ਮਾਫ਼ੀ ਮੰਗ ਜਾਨ ਛੁਡਾ ਲਈ।ਇਸ ਸਾਲ ਵੀ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਿੱਖ ਧਰਮ ਦੇ ਰਜਿਸਟਰਡ ਹੋਣ ਦੇ ਇਤਿਹਾਸਕ ਕਾਰਜ ਨੂੰ ਸੰਗਤ ਉਡੀਕਦੀ ਹੀ ਰਹਿ ਗਈ ਜਦੋਂ ਕਿ ਮਹਾਨ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਲਈ 2 ਸਿੱਖ ਸੰਸਥਾਵਾਂ ਕੰਮ ਕਰ ਰਹੀਆਂ ਹਨ।ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਟਲੀ ਸਰਕਾਰ ਨੇ ਬੀਤੇ ਸਮੇਂ ਇਟਲੀ ਦੇ ਸਿੱਖ ਭਾਈਚਾਰੇ ਨੂੰ ਇਹ ਗੱਲ ਸਪੱਸ਼ਟ ਕਹੀ ਸੀ ਕਿ ਉਹ ਜੇਕਰ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣਾ ਚਾਹੁੰਦੇ ਹਨ ਤਾਂ ਸਾਰੇ ਇੱਕ ਪਲੇਟਫਾਰਮ 'ਤੇ ਇੱਕਠੇ ਹੋਕੇ ਆਉਣ ਪਰ ਅਫ਼ਸੋਸ ਇਸ ਸਾਲ ਵੀ ਜਦੋਂ ਕਿ ਸਿੱਖ ਸੰਗਤ ਦੇ ਧਰਮ ਰਜਿਸਟਰਡ ਕਰਵਾਉਣ ਲਈ ਲੱਖਾਂ ਯੂਰੋ ਖਰਚ ਹੋ ਰਹੇ ਹਨ। ਸਿੱਖ ਜੱਥੇਬੰਦੀਆਂ ਦੀ ਆਪਸੀ ਏਕਤਾ ਨਹੀਂ ਹੋ ਸਕੀ ਜਿਸ ਦੇ ਚੱਲਦਿਆਂ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਮੁੱਦਾ ਇੱਕ ਹੋਣ ਦੇ ਬਾਵਜੂਦ ਸੰਗਤ ਦਾ ਦੋਹਰਾ ਖਰਚਾ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੁੱਧ ਦੇ ਬਾਵਜੂਦ ਯੂਕ੍ਰੇਨ ਪਰਤ ਰਹੇ ਵਿਦੇਸ਼ੀ ਨਾਗਰਿਕ ਤੇ ਭਾਰਤੀ ਵਿਦਿਆਰਥੀ
ਇਟਲੀ ਸਰਕਾਰ ਨੇ ਜਦੋਂ ਵੀ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਨਾ ਹੈ ਤਾਂ ਸਿਰਫ਼ ਕਿਸੇ ਇੱਕ ਸੰਸਥਾ ਦੇ ਕੇਸ 'ਤੇ ਗੌਰ ਕਰਨੀ ਹੈ ਨਾਕਿ ਸਾਰੇ ਕੇਸਾਂ ਦੀ ਜਾਂਚ ਕਰਨੀ ਹੈ ਫਿਰ ਕਿਉਂ 2 ਸੰਸਥਾਵਾਂ ਸੰਗਤ ਦੇ ਦਸੌਂਧ ਨਾਲ ਬਿਨ੍ਹਾਂ ਸੋਚੇ ਵਕੀਲਾਂ ਦੀਆਂ ਜੇਬਾਂ ਭਰ ਰਹੀਆਂ ਹੈ।ਇਟਲੀ ਦੀ ਸਿੱਖ ਸੰਗਤ ਨੂੰ ਇਹਨਾਂ ਸਵਾਲਾਂ ਦਾ ਜਵਾਬ ਕਿਸੇ ਵੀ ਸਿੱਖ ਆਗੂ ਤੋਂ ਨਹੀਂ ਮਿਲ ਰਿਹਾ ਕਿ ਉਹ ਕਿਹੜੀਆਂ ਮਜ਼ਬ੍ਹੁਰੀਆਂ ਹਨ ਜਿਸ ਕਾਰਨ ਇਟਲੀ ਦੇ ਸਿੱਖ ਆਗੂ ਧਰਮ ਰਜਿਸਟਰਡ ਕਰਵਾਉਣ ਇਸ ਸਾਲ ਵੀ ਮੈਂ ਮੇਰੀ ਤੋਂ ਉਪੱਰ ਉੱਠ ਗੁਰੂ ਸਾਹਿਬ ਦੇ ਸਤਿਕਾਰ ਲਈ ਏਕਤਾ ਨਹੀਂ ਦਿਖਾ ਸਕੇ। ਸਾਲ 2023 ਜਿੱਥੇ ਇਟਾਲੀਅਨ ਤੇ ਪ੍ਰਵਾਸੀਆਂ ਲਈ ਅਣਹੋਣੀ ਨਾਲ ਭਰਿਆ ਰਿਹਾ ਉੱਥੇ ਸਿੱਖ ਸੰਗਤ ਦੀਆਂ ਡੰੂਘੀਆਂ ਆਸਾਂ ਨੂੰ ਵੀ ਨਹੀਂ ਪੈ ਸਕਿਆ ਬੂਰ, ਸਾਰਾ ਸਾਲ ਸਿੱਖ ਸੰਗਤ ਸਿੱਖ ਜੱਥੇਬੰਦੀਆਂ ਦੀ ਏਕਤਾ ਉਡੀਕਦੀ ਰਹੀ, ਨਾ ਏਕਤਾ ਹੋ ਸਕੀ ਨਾ ਸਿੱਖ ਧਰਮ ਰਜਿਸਟਰਡ। ਵਾਹਿਗੁਰੂ ਸਾਲ 2024 ਇਹਨਾਂ ਸਾਰੀਆਂ ਤਰੁੱਟੀਆਂ ਨੂੰ ਦੂਰ ਕਰ ਸਮੁੱਚੀ ਕਾਇਨਾਤ ਲਈ ਤੰਦਰੁਸਤੀ ਤੇ ਖੇੜੇ ਲਿਆਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।