ਚੀਨ ਦੀ ਕਮਿਊਨਿਸਟ ਪਾਰਟੀ ਦੁਨੀਆ ਲਈ ਖ਼ਤਰਾ: ਸਾਬਕਾ ਚੀਨੀ ਆਗੂ
Wednesday, Aug 26, 2020 - 02:19 PM (IST)
ਵਾਸ਼ਿੰਗਟਨ (ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਾਫੀਆ ਬਾਸ ਕਹਿਣ ਵਾਲੀ ਕਾਈ ਸ਼ੀਆ ਨੇ ਇਕ ਵਾਰ ਫਿਰ ਚੀਨ ਦੀ ਕਮਿਊਨਿਸਟ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਚੀਨ ਦੀ ਮਸ਼ਹੂਰ ਸੈਂਟਰਲ ਪਾਰਟੀ ਸਕੂਲ ਦੀ ਸਾਬਕਾ ਪ੍ਰੋਫੈਸਰ ਅਤੇ ਕਮਿਊਨਿਸਟ ਪਾਰਟੀ ਦੀ ਆਗੂ ਰਹੀ ਕਾਈ ਸ਼ੀਆ ਨੇ ਕਿਹਾ ਕਿ ਅਮਰੀਕਾ ਨੂੰ ਚੀਨ ਖ਼ਿਲਾਫ਼ ਹੁਣ ਦੁੱਗਣੀ ਗਤੀ ਨਾਲ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਪੂਰੀ ਦੁਨੀਆ ਲਈ ਖਤਰਾ ਹੈ।
ਅਮਰੀਕੀ ਟੀਵੀ ਚੈਨਲ ਸੀ.ਐੱਨ.ਐੱਨ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਾਈ ਸ਼ੀਆ ਨੇ ਕਿਹਾ ਕਿ ਉਹਨਾਂ ਨੇ ਟਰੰਪ ਪ੍ਰਸ਼ਾਸਨ ਦੇ ਹੁਵਾਵੇ ਖਿਲਾਫ਼ ਕੀਤੀ ਕਾਰਵਾਈ ਦਾ ਸਮਰਥਨ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੁਵਾਵੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਜਦਕਿ ਚੀਨੀ ਕੰਪਨੀ ਨੇ ਇਸ ਦਾ ਖੰਡਨ ਕੀਤਾ ਹੈ। ਉਹਨਾਂ ਨੇ ਚੀਨ ਦੇ ਸੀਨੀਅਰ ਅਧਿਕਾਰੀਆਂ ਦੇ ਖ਼ਿਲਾਫ਼ ਪਾਬੰਦੀ ਲਗਾਏ ਜਾਣ ਦੀ ਅਪੀਲ ਕੀਤੀ। ਨਾਲ ਹੀ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਮਿਊਨਿਸਟ ਪਾਰਟੀ ਦੀਆਂ ਦੁਨੀਆ ਭਰ ਦੀਆਂ ਸੰਸਥਾਵਾਂ ਵਿਚ ਘੁਸਪੈਠ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਸਥਾਰਵਾਦੀ ਵਿਚਾਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਇਕੱਠੇ ਹੋਣ।
ਕਾਈ ਸ਼ੀਆ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦਾ ਇਰਾਦਾ ਅਮਰੀਕਾ ਦੀ ਆਧੁਨਿਕ ਮਨੁੱਖਤਾ ਦੇ ਸੁਤੰਤਰ, ਮੁਕਤ ਅਤੇ ਲੋਕਤੰਤਰ 'ਤੇ ਆਧਾਰਿਤ ਵਿਵਸਥਾ ਦੀ ਜਗ੍ਹਾ ਆਪਣੀ ਵਿਵਸਥਾ ਲਾਗੂ ਕਰਨਾ ਹੈ। ਇੱਥੇ ਦੱਸ ਦਈਏ ਕਿ ਕਾਈ ਸੀਆ ਨੇ ਪਿਛਲੇ ਦਿਨੀਂ ਦੋਸ਼ ਲਗਾਇਆ ਸੀ ਕਿ ਸ਼ੀ ਜਿਨਪਿੰਗ ਮਾਫੀਆ ਬਾਸ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।