ਖੁਲਾਸਾ : ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ
Monday, Jun 07, 2021 - 09:50 AM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਇਕ ਵਾਰ ਫਿਰ ਇਸ ਗੱਲ ਨੂੰ ਲੈਕੇ ਚਰਚਾ ਹੈ ਕਿ ਆਖਿਰ ਕੋਰੋਨਾ ਵਾਇਰਸ ਦੀ ਉਤਪੱਤੀ ਕਿੱਥੋਂ ਹੋਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਜਾਨਵਰਾ ਤੋਂ ਨਿਕਲਿਆ ਇਨਫੈਕਸ਼ਨ ਹੈ ਤਾਂ ਕੁਝ ਇਸ ਨੂੰ ਚੀਨ ਦੀ ਵੁਹਾਨ ਲੈਬ ਤੋਂ ਨਿਕਲਿਆ ਮੰਨ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ ਟੀਮ ਚੀਨ ਸਥਿਤ ਵੁਹਾਨ ਲੈਬ ਦਾ ਦੌਰਾ ਵੀ ਕਰ ਚੁੱਕੀ ਹੈ ਪਰ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਆਖਿਰ ਕੋਰੋਨਾ ਵਾਇਰਸ ਦੀ ਉਤਪੱਤੀ ਕਿਵੇਂ ਹੋਈ ਹੈ। ਹਾਲ ਹੀ ਵਿਚ ਅਮਰੀਕਾ ਨੇ ਇਕ ਵਾਰ ਫਿਰ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਰੋਨਾ ਦੀ ਉਤਪੱਤੀ ਚੀਨ ਦੇ ਵੁਹਾਨ ਵਾਇਰੋਲੌਜੀ ਲੈਬ ਤੋਂ ਹੀ ਹੋਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਕਈ ਵਾਰ ਇਹ ਗੱਲ ਦੁਨੀਆ ਸਾਹਮਣੇ ਰੱਖ ਚੁੱਕੇ ਹਨ।
ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚ ਅਮਰੀਕਾ ਦੇ ਫੈਡਰਲ ਡਾਟਾ ਤੋਂ ਇਕ ਵੱਡੀ ਜਾਣਕਾਰੀ ਹੱਥ ਲੱਗੀ ਹੈ। ਫੈਡਰਲ ਡਾਟਾ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਰੱਖਿਆ ਮੰਤਰਾਲੇ, ਪੇਂਟਾਗਨ ਨੇ ਬ੍ਰਿਟਿਸ਼ ਮੂਲ ਦੇ ਡਾਕਟਰ ਪੀਟਰ ਦਾਸਜ਼ਕ ਦੀ ਸੰਸਥਾ ਨੂੰ ਚੈਰਿਟੀ ਦੇ ਤੌਰ 'ਤੇ 3 ਅਰਬ ਰੁਪਏ ਦਿੱਤੇ ਸਨ। ਡਾਕਟਰ ਪੀਟਰ ਦਾਸਜ਼ਕ 'ਇਕੋਹੈਲਥ ਅਲਾਇੰਸ' ਨਾਮ ਨਾਲ ਇਕ ਸੰਸਥਾ ਚਲਾਉਂਦੇ ਹਨ ਅਤੇ ਇਸ ਸੰਸਥਾ ਨੇ ਚੀਨ ਦੀ ਵੁਹਾਨ ਲੈਬ ਨੂੰ ਵਿੱਤੀ ਮਦਦ ਪਹੁੰਚਾਈ ਸੀ। ਇਸ ਮਾਮਲੇ ਦਾ ਖੁਲਾਸਾ ਹੋਣ ਮਗਰੋਂ ਹੁਣ ਇਕੋਹੈਲਥ ਅਲਾਇੰਸ ਸੰਸਥਾ ਵੀ ਜਾਂਚ ਦੇ ਘੇਰੇ ਵਿਚ ਆ ਗਈ ਹੈ।
ਪੜ੍ਹੋ ਇਹ ਅਹਿਮ ਖਬਰ- HIV ਪੀੜਤ ਔਰਤ ਕਰੀਬ 7 ਮਹੀਨੇ ਰਹੀ ਕੋਰੋਨਾ ਪਾਜ਼ੇਟਿਵ, ਵਾਇਰਸ ਨੇ 32 ਵਾਰ ਬਦਲਿਆ ਰੂਪ
ਜਾਂਚ ਟੀਮ ਹੁਣ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਸੰਸਥਾ ਚੀਨ ਵਿਚ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਵਿਚ ਕੋਰੋਨਾ ਵਾਇਰਸ ਦੀ ਖੋਜ ਲਈ ਸੰਘੀ ਗ੍ਰਾਂਟ ਦੀ ਵਰਤੋਂ ਕਰ ਰਹੀ ਸੀ। ਇੱਥੇ ਦੱਸ ਦਈਏ ਕਿ ਇਕੋਹੈਲਥ ਅਲਾਇੰਸ ਅਮਰੀਕਾ ਦੀ ਇਕ ਗੈਰ ਲਾਭਕਾਰੀ ਸੰਸਥਾ ਹੈ, ਜਿਸ ਦਾ ਕੰਮ ਨਵੀਆਂ ਬੀਮਾਰੀਆਂ 'ਤੇ ਸ਼ੋਧ ਕਰਨਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲਾਂ ਵੀ ਅਜਿਹੀ ਜਾਣਕਾਰੀ ਸਾਹਮਣੇ ਆਈ ਸੀ ਜਦੋਂ ਇਸ ਗੱਲ਼ ਨੂੰ ਲੈਕੇ ਚਰਚਾ ਹੋਈ ਸੀ ਕੋਰੋਨਾ ਵਾਇਰਸ ਚੀਨ ਦੀ ਵੁਹਾਨ ਲੈਬ ਤੋਂ ਨਿਕਲਿਆ ਹੈ। ਉਸ ਸਮੇਂ ਹੀ ਪਤਾ ਲੱਗ ਗਿਆ ਸੀ ਕਿ ਇਕੋਹੈਲਥ ਅਲਾਇੰਸ ਨੇ ਵੁਹਾਨ ਲੈਬ ਨੂੰ ਵਿੱਤੀ ਮਦਦ ਦਿੱਤੀ ਸੀ।ਇਸ ਮਗਰੋਂ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਥਾ ਲਈ 27 ਕਰੋੜ ਰੁਪਏ (3.7 ਮਿਲੀਅਨ ਡਾਲਰ) ਦੀ ਗ੍ਰਾਂਟ ਰੱਦ ਕਰ ਦਿੱਤੀ ਸੀ।
ਨੋਟ- ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।