ਦੁਬਈ ''ਚ ਮ੍ਰਿਤ ਭਾਰਤੀ ਵਿਅਕਤੀ ਦੇ ਪਰਿਵਾਰ ਨੂੰ ਸੌਂਪੀ ਕਿਸੇ ਹੋਰ ਵਿਅਕਤੀ ਦੀ ਲਾਸ਼

07/14/2018 9:56:31 PM

ਦੁਬਈ— ਯੂਨਾਈਟਡ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ 'ਚ ਕੇਰਲ ਦੇ ਇਕ ਵਿਅਕਤੀ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਸੌਂਪਣ ਦੇ ਦੌਰਾਨ ਵੱਡੀ ਭੁੱਲ ਹੋ ਗਈ। ਅਸਲ 'ਚ ਪਰਿਵਾਰ ਨੂੰ ਕਿਸੇ ਹੋਰ ਵਿਅਕਤੀ ਦੀ ਲਾਸ਼ ਸੌਂਪ ਦਿੱਤੀ ਗਈ, ਜਿਨ੍ਹਾਂ ਦੀ ਮੌਤ ਵੀ ਇਸੇ ਸਮੇਂ ਦੌਰਾਨ ਹੋਈ ਸੀ। ਨਿਧੀਨ ਓਥਯੋਪ ਕੋਟਾਰੋਨ (29) ਇਕ ਕੰਪਨੀ ਦੀ ਸਾਈਟ 'ਤੇ ਸੁਪਰਵਾਈਜ਼ਰ ਦੇ ਰੂਪ 'ਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਮੌਤ ਪਿਛਲੇ ਹਫਤੇ ਹੋਈ ਸੀ। 'ਦ ਖਲੀਜ਼ ਟਾਈਮਜ਼' ਦੀ ਰਿਪੋਰਟ ਮੁਤਾਬਕ ਕੋਟਾਰੋਨ ਦੇ ਪਰਿਵਾਰ ਨੂੰ ਜਦੋਂ ਲਾਸ਼ ਮਿਲੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਕੋਲ ਕਿਸੇ ਹੋਰ ਵਿਅਕਤੀ ਦੀ ਲਾਸ਼ ਪਹੁੰਚ ਗਈ ਹੈ। ਇਹ ਲਾਸ਼ ਤਾਮਿਲਨਾਡੂ ਦੇ 39 ਸਾਲਾ ਵਿਅਕਤੀ ਕਮਾਤਚੀ ਕ੍ਰਿਸ਼ਣਨ ਦੀ ਸੀ। ਲਾਸ਼ ਏਅਰ ਇੰਡੀਆ ਦੇ ਜਹਾਜ਼ 'ਚ ਬੀਤੇ ਦਿਨ ਕਾਲੀਕਟ ਪਹੁੰਚੀ ਸੀ।
ਰਿਪੋਰਟ 'ਚ ਕੋਟਾਰੋਨ ਦੇ ਇਕ ਸਬੰਧੀ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕੋਟਾਰੋਨ ਦੇ ਮਾਤਾ-ਪਿਤਾ ਪਿਛਲੇ ਇਕ ਹਫਤੇ ਤੋਂ ਲਾਸ਼ ਦੀ ਉਡੀਕ ਕਰ ਰਹੇ ਸਨ। ਜੋ ਕੁਝ ਹੋਇਆ, ਉਸ ਨਾਲ ਉਹ ਹੈਰਾਨ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੋਟਾਰੋਨ ਦੀ ਮੌਤ ਪੰਜ ਜੁਲਾਈ ਨੂੰ ਹੋਈ ਸੀ ਜਦਕਿ ਕ੍ਰਿਸ਼ਣਨ ਦੀ ਮੌਤ 7 ਜੁਲਾਈ ਨੂੰ ਹੋਈ ਸੀ। ਦੋਵਾਂ ਦੀ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਏਅਰ ਇੰਡੀਆ ਦੇ ਅਧਿਕਾਰੀ ਦੇ ਮੁਤਾਬਕ ਸਾਰੀ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ। ਭਾਰਤੀ ਦੂਤਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਪਰਿਵਾਰਾਂ ਦੀ ਮਦਦ ਕਰਨ ਲਈ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ।


Related News