ਲੇਖਕ ਸਭਾ ਬ੍ਰਿਸਬੇਨ ਵਲੋਂ ਉਸਤਾਦ ਗਜ਼ਲਗੋ ਗੁਰਦਿਆਲ ਰੌਸ਼ਨ ਦੀ ਕਿਤਾਬ ''''ਕਾਲਾ ਸੂਰਜ" ਲੋਕ ਅਰਪਣ

06/26/2022 10:38:45 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਵਿੱਚ ਪੰਜਾਬੀ ਸਾਹਿਤਕ ਖੇਤਰ ਵਿੱਚ ਸਰਗਰਮ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵਚਨਬੱਧ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਜੂਨ ਮਹੀਨੇ ਦਾ ਕਵੀ ਦਰਬਾਰ ਅਤੇ ਕਿਤਾਬ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮੂਹਿਕ ਨਾਮਵਰ ਹਸਤੀਆ ਦੀ ਹਾਜ਼ਰੀ ਵਿੱਚ ਉਸਤਾਦ ਗਜ਼ਲਗੋ ਗੁਰਦਿਆਲ ਰੌਸ਼ਨ ਦੀ ਪੁਸਤਕ 'ਕਾਲਾ ਸੂਰਜ" ਲੋਕ ਅਰਪਣ ਕੀਤੀ ਗਈ ਅਤੇ ਸਮਾਗਮ ਦੌਰਾਨ ਸਾਹਿਤਕ ਚਰਚਾ, ਸਮਾਜਿਕ ਮਸਲਿਆਂ ਉਪਰ ਸੰਵਾਦ ਰਚਾਇਆ ਗਿਆ। ਪੰਜਾਬੀ ਗ਼ਜ਼ਲ ਖੇਤਰ ਦੇ ਮਸ਼ਹੂਰ ਅਤੇ ਲੋਕਪ੍ਰਿਅ ਸ਼ਾਇਰ ਗੁਰਦਿਆਲ ਰੌਸ਼ਨ ਜੀ ਦੇ ਗ਼ਜ਼ਲ ਸੰਗ੍ਰਹਿ 'ਕਾਲਾ ਸੂਰਜ' ਉੱਪਰ ਸਮਾਗਮ ਵਿੱਚ ਸ਼ਾਮਿਲ ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ। 

ਅਮਨਪ੍ਰੀਤ ਸਿੰਘ ਮਾਨ ਜੀ ਨੇ ਗੁਰਦਿਆਲ ਰੌਸ਼ਨ ਜੀ ਨੂੰ ਲੋਕਾਂ ਦਾ ਕਵੀ ਕਿਹਾ ਤੇ ਉਨ੍ਹਾਂ ਦੀ ਨਵੇਕਲੀ ਕਿਰਤ ਲਈ ਦਿਲੋਂ ਵਧਾਈ ਦਿੱਤੀ। ਇੰਡੋਜ਼ ਟੀ ਵੀ ਦੇ ਐਂਕਰ ਦਿਲਜੀਤ ਸਿੰਘ ਨੇ ਗੁਰਦਿਆਲ ਰੌਸ਼ਨ ਦੀਆਂ ਕੁਝ ਯਾਦਾਂ ਉਪਰ ਝਾਤ ਪਵਾਉਂਦਿਆਂ ਉਹਨਾਂ ਦੁਆਰਾ ਲੋਕ ਹਿਤਾਂ ਦੀ ਲੜਾਈ ਲਈ ਉਨ੍ਹਾ ਦੇ ਸਿਰੜ ਤੇ ਸਿਦਕ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾ ਨੇ ਆਮ ਲੋਕਾਂ ਨੰ ਖਾਸ ਬਨਾਉਣ ਦਾ ਜੁੰਮਾ ਬਹੁਤ ਦੇਰ ਤੋਂ ਆਪਣੇ ਮੋਢਿਆਂ ਉਪਰ ਚੁੱਕਿਆ ਹੋਇਆ ਹੈ ਤੇ ਅੱਜ ਵੀ ਜਾਰੀ ਹੈ। ਇਹਨਾਂ ਸ਼ਖਸੀਅਤਾਂ ਤੋਂ ਇਲਾਵਾ ਹਰਜੀਤ ਲਸਾੜਾ , ਨਿਰਮਲ ਦਿਉਲ ਤੇ ਹਰਮਨਦੀਪ ਨੇ ਵੀ 'ਕਾਲਾ ਸੂਰਜ' ਗਜ਼ਲ ਸੰਗ੍ਰਹਿ ਬਾਰੇ ਵਿਚਾਰ ਪੇਸ਼ ਕੀਤੇ।ਪੰਜਾਬ ਤੋਂ ਆਏ ਲੇਖਕ ਅਮਨਪ੍ਰੀਤ ਸਿੰਘ ਮਾਨ ਜੀ ਨੇ ਵਾਰਤਕ ਦੀ ਸਾਂਝ ਪਾਉਂਦਿਆਂ ਆਪਣੀਆਂ ਆ ਚੁਕੀਆਂ ਤਿੰਨ ਕਿਤਾਬਾਂ ਦੀ ਸਿਰਜਣਾ ਦੀ ਯਾਤਰਾ ਕਰਵਾਈ। ਉਹਨਾਂ ਔਰਤ ਦੇ ਨਾਲ ਆਦਿ ਕਾਲ ਤੋਂ ਹੁੰਦੇ ਆ ਰਹੇ ਭੇਦਭਾਵ ਦੇ ਬਦਲਦੇ ਰੂਪ ਹਾਜ਼ਰੀਨ ਨਾਲ ਸਾਂਝੇ ਕੀਤੇ ਤੇ ਮੌਜੂਦਾ ਸਮੇਂ ਵਿੱਚ ਇੱਕ ਧੀ ਦੀ ਜ਼ਿੰਦਗੀ ਦੀ ਉਦਾਹਰਣ ਦੇ ਕੇ, ਉਸਦੇ ਬਿਹਤਰੀਨ ਜੀਵਨ ਦੀ ਸਿਰਜਣਾ ਲਈ ਦਲੀਲਾਂ ਪੇਸ਼ ਕੀਤੀਆਂ। 

PunjabKesari

ਹਰਮਨਦੀਪ ਗਿੱਲ ਨੇ ਸਮਾਜਿਕ ਮਸਲਿਆਂ ਉਪਰ ਬੋਲਦਿਆਂ ਮੌਜੂਦਾ ਗੁਲਾਮੀ ਦੇ ਰੂਪ ਬਾਰੇ ਚਰਚਾ ਕੀਤੀ। ਉਹਨਾਂ ਹਰ ਯੁੱਗ ਦੇ ਬਦਲਣ ਨਾਲ ਪੀੜਤ ਵਰਗ ਦੀ ਗੁਲਾਮੀ ਦੇ ਬਦਲਦੇ ਰੂਪ 'ਤੇ ਝਾਤ ਪਵਾਉਂਦਿਆਂ ਕਿਹਾ ਕਿ ਗੁਲਾਮੀ ਤੋਂ ਛੁਟਕਾਰੇ ਲਈ ਸਹੀ ਕੰਮ ਦੀ ਵੰਡ ਦੀ ਲੜਾਈ ਹੀ ਹੱਲ ਹੈ ਤੇ ਇਸੇ ਰਾਹ ਹੀ ਹਰ ਪੀੜਤ ਵਰਗ ਦੀ ਬੰਦ ਖੁਲਾਸੀ ਹੈ। ਉੱਘੇ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਸਭਾ ਦੇ ਸਾਰੇ ਯਤਨਸ਼ੀਲ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਆਪਣੀ ਕਾਵਿ ਕਲਾ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਨੌਜਵਾਨ ਲੇਖਕ ਨੀਲ ਗਰਗ ਜੀ ਨੇ ਵੀ ਕਵਿਤਾਵਾਂ ਤੇ ਗੀਤਾਂ ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ। ਇਸ ਪ੍ਰੋਗਰਾਮ ਵਿੱਚ ਰੱਤੂ ਰੰਧਾਵਾ, ਵਰਿੰਦਰ ਅਲੀਸ਼ੇਰ, ਰਿਤੀਕਾ ਅਹੀਰ, ਗੁਰਵਿੰਦਰ ਸਿੰਘ, ਹਰਮਨਦੀਪ, ਜਸਵੰਤ ਵਾਗਲਾ ਤੇ ਪਰਮਿੰਦਰ ਸਿੰਘ ਹਰਮਨ ਨੇ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਨਾਲ ਦਰਸ਼ਕਾਂ ਦੀ ਸਾਂਝ ਪੁਵਾਈ। 

ਪੜ੍ਹੋ ਇਹ ਅਹਿਮ ਖ਼ਬਰ- H1B ਵੀਜ਼ਾ ਨਿਯਮ ਬਦਲੇਗਾ ਅਮਰੀਕਾ, ਗ੍ਰੀਨ ਕਾਰਡ ਹਾਸਲ ਕਰਨਾ ਹੋਵੇਗਾ ਸੌਖਾਲਾ

ਇਸ ਕਿਤਾਬ ਲੋਕ ਅਰਪਣ ਸਮਾਗਮ ਵਿੱਚ ਨਵਦੀਪ ਸਿੱਧੂ, ਵਾਗਲਾ ਪਰਿਵਾਰ, ਹਰਜੀਤ ਲਸਾੜਾ ਆਦਿ ਸਨਮਾਨਿਤ ਸਖਸ਼ੀਅਤਾਂ ਨੇ ਵਿਸੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਜਸਵੰਤ ਵਾਗਲਾ ਜੀ ਵੱਲੋਂ ਬਹੁਤ ਬਾਕਮਾਲ ਢੰਗ ਨਾਲ ਨਿਭਾਈ ਗਈ। ਅੰਤ 'ਚ  ਪ੍ਰਧਾਨ ਵਰਿੰਦਰ ਅਲੀਸ਼ੇਰ ਜੀ ਨੇ ਬਲਵਿੰਦਰ ਮੋਰੋਂ ਜੀ ਦਾ ਸਮਾਗਮ ਵਿੱਚ ਸਹਿਯੋਗ ਲਈ ਵਿਸੇਸ਼ ਧੰਨਵਾਦ ਕਰਦਿਆਂ ਅਗਲੇ ਪ੍ਰੋਗਰਾਮ ਵਿੱਚ ਮਿਲਣੀ ਦਾ ਵਾਅਦਾ ਕਰਦਿਆਂ ,ਪਹੁੰਚੇ ਮਹਿਮਾਨਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ। ਆਏ ਸੱਜਣਾਂ ਲਈ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।


Vandana

Content Editor

Related News