'ਵਾਇਰਸ ਤੋਂ ਬਚਾਉਣ ਵਾਲੇ ਮਾਸਕਾਂ ਦੀ ਦੁਨੀਆ ਭਰ 'ਚ ਕਮੀ'

02/07/2020 8:22:47 PM

ਜਨੇਵਾ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਮੁਖੀ ਨੇ ਸ਼ੁੱਕਰਵਾਰ ਨੂੰ ਯਾਦ ਕਰਵਾਇਆ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਾਲੇ ਮਾਸਕ ਅਤੇ ਹੋਰ ਸੁਰੱਖਿਆ ਯੰਤਰਾਂ ਦੀ ਦੁਨੀਆ ਭਰ ਵਿਚ ਕਮੀ ਹੋ ਰਹੀ ਹੈ। ਤੇਦਰੋਸ ਅਦਹਾਨੋਮ ਗੇਬ੍ਰੇਯਸਸ ਨੇ ਜਨੇਵਾ ਵਿਚ ਡਬਲਿਊ.ਐਚ.ਓ. ਦੇ ਕਾਰਜਕਾਰੀ ਬੋਰਡ ਨੂੰ ਦੱਸਿਆ, ਵਿਸ਼ਵ ਵਿਅਕਤੀਗਤ ਸੁਰੱਖਿਆ ਯੰਤਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਰੱਖਿਆ ਮਾਸਕ ਦੀ ਸਪਲਾਈ ਕਰਨ ਵਾਲੇ ਨੈਟਵਰਕ ਦੇ ਮੈਂਬਰਾਂ ਨਾਲ ਗੱਲ ਕਰਨਗੇ ਅਤੇ ਉਤਪਾਦਨ ਵਿਚ ਆ ਰਹੀਆਂ ਅੜਚਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਡਬਲਿਊ.ਐਚ.ਓ. ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਉਸ ਨੇ ਮਦਦ ਚਾਹੁਣ ਵਾਲੇ ਦੇਸ਼ਾਂ ਨੂੰ ਮਾਸਕ, ਦਸਤਾਨੇ, ਰੇਸਿਪਰੇਟਰ, ਸੁਰੱਖਿਆ ਕੱਪੜੇ ਅਤੇ ਜਾਂਚ ਕਿੱਟ ਭੇਜਣੀ ਸ਼ੁਰੂ ਕੀਤੀ ਹੈ।

ਤੇਦਰੋਸ ਨੇ ਕਿਹਾ ਕਿ ਕੁਝ ਦੇਸ਼ ਵਾਇਰਸ ਦੇ ਪੁਸ਼ਟ ਮਾਮਲਿਆਂ 'ਤੇ ਅਜੇ ਵੀ ਕਲੀਨਿਕਲ ਡੇਟਾ ਸਾਂਝਾ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਮੈਂਬਰ ਦੇਸ਼ਾਂ ਨੂੰ ਤੁਰੰਤ ਸੂਚਨਾ ਸਾਂਝੀ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕੋਈ ਦੇਸ਼ ਜਾਂ ਸੰਗਠਨ ਇਕੱਲੇ ਇਸ ਕਹਿਰ ਨੂੰ ਨਹੀਂ ਰੋਕ ਸਕਦਾ। ਸਾਡੀ ਇਕੋ ਇਕ ਉਮੀਦ ਇਕੱਠੇ ਕੰਮ ਕਰਨਾ ਹੈ। ਤੇਦਰੋਸ ਨੇ ਕਿਹਾ ਕਿ ਸਾਡਾ ਆਮ ਦੁਸ਼ਮਨ ਹੈ ਜੋ ਖਤਰਨਾਕ ਹੈ ਅਤੇ ਇਹ ਬਹੁਤ ਗੰਭੀਰ ਸਮਾਜਿਕ, ਰਾਜਨੀਤਕ ਅਤੇ ਆਰਥਿਕ ਉਲਟ-ਪੁਲਟ ਕਰ ਸਕਦਾ ਹੈ। ਇਹ ਸਮਾਂ ਇਸ ਨਾਲ ਲੜਣ ਅਤੇ ਇਕਜੁੱਟ ਹੋ ਕੇ ਲੜਣ ਦਾ ਹੈ। ਤੇਦਰੋਸ ਨੇ ਕਿਹਾਕਿ ਪਿਛਲੇ ਦੋ ਦਿਨਾਂ ਵਿਚ ਵਾਇਰਸ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਖਬਰ ਹੈ ਪਰ ਸਾਨੂੰ ਇਸ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਗਿਣਤੀ ਫਿਰ ਤੋਂ ਵੱਧ ਸਕਦੀ ਹੈ।


Sunny Mehra

Content Editor

Related News