ਮਹਾਰਾਸ਼ਟਰ ਚੋਣਾਂ ਲਈ ਧੁੰਮਾ ਵੱਲੋਂ BJP ਨੂੰ ਸਮਰਥਨ ਦੇਣ ਦੇ ਫੈਸਲੇ ਦੀ ਨਿਖੇਧੀ: ਵਰਲਡ ਸਿੱਖ ਪਾਰਲੀਮੈਂਟ

Thursday, Nov 21, 2024 - 04:11 AM (IST)

ਮਹਾਰਾਸ਼ਟਰ ਚੋਣਾਂ ਲਈ ਧੁੰਮਾ ਵੱਲੋਂ BJP ਨੂੰ ਸਮਰਥਨ ਦੇਣ ਦੇ ਫੈਸਲੇ ਦੀ ਨਿਖੇਧੀ: ਵਰਲਡ ਸਿੱਖ ਪਾਰਲੀਮੈਂਟ

ਫਰੈਕਫੋਰਟ (ਸਰਬਜੀਤ ਸਿੰਘ ਬਨੂੜ) - ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮਹਾਰਾਸ਼ਟਰ ਚੋਣਾਂ ਲਈ ਟਕਸਾਲ ਮੁਖੀ ਭਾਈ ਹਰਨਾਮ ਸਿੰਘ ਧੁੰਮਾਂ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਂਸ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਮਹਾਰਾਸ਼ਟਰ ਸੂਬੇ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਗਠਜੋੜ ਨੂੰ ਸਮਰਥਨ ਦੇਣ ਦੇ ਸਿੱਖ ਸਮਾਜ ਮਹਾਰਾਸ਼ਟਰ ਦੇ ਤਾਜ਼ਾ ਫੈਸਲੇ ਦੀ ਸਖ਼ਤ ਨਿੰਦਾ ਕਰਦੀ ਹੈ। 

ਉਨ੍ਹਾਂ ਕਿਹਾ ਕਿ 20ਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਵਾਰਿਸ ਅਖਵਾਉਣ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਆਰਐਸਐਸ ਦੀ ਸ਼ਾਖਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਇਹ ਸਮਰਥਨ ਦਰਸ਼ਾਉਂਦਾ ਹੈ ਕਿ ਉਹ ਪੰਥਕ ਸਿਧਾਂਤਾਂ ਤੋਂ ਭਟਕੇ ਹੋਏ ਹਨ ਅਤੇ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਨਾ ਕਰਕੇ ਆਪਣੇ ਨਿੱਜੀ ਮੁਫਾਦਾਂ ਨੂੰ ਤਰਜੀਹ ਦਿੰਦੇ ਹਨ। ਆਗੂਆਂ ਨੇ ਕਿਹਾ ਕਿ ਮੌਜੂਦਾ ਬੀਜੇਪੀ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੇ ਕੁਝ ਸੰਕੇਤਕ ਕੰਮਾਂ ਦਾ ਹਵਾਲਾ ਦੇ ਕੇ ਜੋ ਇਹ ਸਮਰਥਨ ਦਿੱਤਾ ਗਿਆ ਹੈ, ਇਸ ਨਾਲ ਹਿੰਦੁਤਵੀ ਸੋਚ ਤਹਿਤ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਗੁਲਾਮ ਬਣਾਉਣ ਦੇ ਵਿਆਪਕ ਏਜੰਡੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਰਤ ਅੰਦਰ ਸਿੱਖ ਪਛਾਣ, ਸਿੱਖ ਹੱਕਾਂ ਅਤੇ ਸਿੱਖ ਸਿਧਾਂਤਾਂ 'ਤੇ ਕੀਤੇ ਜਾ ਰਹੇ ਹਮਲੇ ਸਿੱਖ ਆਗੂਆਂ ਲਈ ਪ੍ਰਮੁੱਖ ਹੋਣੇ ਚਾਹੀਦੇ ਹਨ ਨਾਂ ਕਿ ਛੋਟੇ ਮੋਟੇ ਸਿਆਸੀ ਮੁਫਾਦਾਂ ਲਈ ਸਿੱਖ ਵਿਰੋਧੀ ਪਾਰਟੀਆ ਦਾ ਸਮਰਥਨ ਕਰਨਾ।

ਆਗੂਆਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਭਾਰਤ ਸਰਕਾਰ ਵੱਲੋਂ ਸਿੱਖਾਂ ਦਮਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਵੇਲੇ ਭਾਰਤ ਵਿੱਚ ਰਵਾਇਤੀ ਸਿੱਖ ਸੰਸਥਾਵਾਂ ਦਾ ਘੱਟ ਗਿਣਤੀ ਦੇ ਹੱਕਾਂ ਨੂੰ ਸਰਗਰਮੀ ਨਾਲ ਦਬਾਉਣ ਵਾਲੀਆਂ ਸਿਆਸੀ ਪਾਰਟੀਆਂ ਨਾਲ ਗੱਠਜੋੜ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਸਿੱਖ ਕੌਮ ਦੀ ਜੰਗੇ ਅਜ਼ਾਦੀ ਦੀ ਮਿਸਲ ਖਾਲਿਸਤਾਨ ਕਮਾਂਡੋ ਫੋਰਸ ਦੇ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ੍ਹ, ਕੈਨੇਡਾ ਦੀ ਧਰਤੀ 'ਤੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਇੰਗਲੈਂਡ ਦੀ ਧਰਤੀ 'ਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਭਾਰਤ ਦੀ ਕੱਟੜ ਹਿੰਦੁਤਵੀ ਮੋਦੀ ਸਰਕਾਰ ਦੀਆਂ ਏਜੰਸੀਆਂ ਵੱਲੋਂ ਸ਼ਹੀਦ ਕੀਤਾ ਗਿਆ ਹੈ ਅਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਕਤਲ ਕਰਨ ਦੀ ਰਚੀ ਗਈ ਸਾਜ਼ਿਸ਼ ਨੂੰ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਜੱਗ ਜ਼ਾਹਿਰ ਕਰ ਚੁੱਕੀਆਂ ਹਨ। ਇਸ ਸਮੇਂ ਅਖੌਤੀ ਸਿੱਖ ਆਗੂਆਂ ਵੱਲੋਂ ਮਹਾਯੁਤੀ ਗਠਜੋੜ ਦੀ ਜਨਤਕ ਤੌਰ 'ਤੇ ਹਮਾਇਤ ਕਰਨ ਦਾ ਫੈਸਲਾ, ਸਿੱਖ ਵਿਰੋਧੀ ਤਾਕਤਾਂ ਨਾਲ ਖੜ੍ਹ ਕੇ ਸਿੱਖਾਂ ਦਾ ਘਾਣ ਕਰਨ ਵਿੱਚ ਸਾਥ ਦੇਣ ਦੇ ਬਰਾਬਾਰ ਹੈ। 

ਸਿੱਖਾਂ ਦੀਆਂ ਸਿਆਸੀ ਪਾਰਟੀਆਂ ਅਤੇ ਰਵਾਇਤੀ ਸਿੱਖ ਸੰਸਥਾਵਾਂ ਵਿੱਚ ਹਿੰਦੁਤਵੀ ਤਾਕਤਾਂ ਦੀ ਘੁਸਪੈਠ ਲੰਮੇਂ ਸਮੇਂ ਤੋਂ ਜਾਰੀ ਹੈ। ਅਕਾਲੀ ਦਲ ਦਾ ਸਿੱਖ ਵਿਰੋਧੀ ਪਾਰਟੀ ਬੀਜੇਪੀ ਨਾਲ ਗਠਜੋੜ ਅਤੇ ਉਸ ਦਾ 'ਬਾਬਾ' ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਵੱਲੋਂ ਸਮਰਥਨ ਨੇ ਸਿੱਖ ਸੰਸਥਾਂਵਾਂ ਨੂੰ ਖੋਰਾ ਲਾਉਣ ਦੀ ਨੀਂਹ ਰੱਖ ਦਿੱਤੀ ਸੀ ਇਹ ਉਸ ਦਾ ਹੀ ਨਤੀਜਾ ਹੈ ਕਿ ਬਹੁਤੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬੀਜੇਪੀ ਦੇ ਅਧੀਨ ਹਨ ਅਤੇ ਅੱਜ ਸ਼ਰੇਆਮ ਸਿੱਖਾਂ ਦੀ ਕਾਤਲ ਬੀਜੇਪੀ ਨੂੰ ਸਮਰਥਨ ਦੇ ਕੇ ਸਿੱਖ ਪੰਥ ਦੇ ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ।

'ਬਾਬਾ' ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿੱਚ ਬੀਜੇਪੀ ਨੂੰ ਹਿਮਾਇਤ ਕਰਨ ਦਾ ਫੈਸਲਾ ਹਿੰਦੁਤਵੀ ਭਾਰਤ ਸਰਕਾਰ ਨੂੰ ਸਿੱਖਾਂ ਨੂੰ ਦਬਾਉਣ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਲਈ ਹੋਰ ਉਤਸ਼ਾਹਿਤ ਕਰੇਗਾ ਇਸ ਲਈ ਵਰਲਡ ਸਿੱਖ ਪਾਰਲੀਮੈਂਟ ਸਿੱਖਾਂ ਦੇ ਸਿਆਸੀ ਅਤੇ ਧਾਰਮਿਕ ਹਿੱਤਾਂ ਨਾਲ ਸਮਝੌਤਾ ਕਰਨ ਵਾਲੀ ਕਿਸੇ ਵੀ ਲੀਡਰਸ਼ਿਪ ਤੋਂ ਕਿਨਾਰਾ ਕਰਨ ਦਾ ਸੱਦਾ ਦਿੰਦਾ ਹੈ। ਸਿੱਖ ਕੌਮ ਲਈ ਇਹ ਲਾਜ਼ਮੀ ਹੈ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਸਮਰਥਨ ਦੇਣ ਵਾਲੇ ਆਗੂਆਂ ਤੋਂ ਜਵਾਬਦੇਹੀ ਦੀ ਮੰਗ ਕਰੇ ਅਤੇ ਪੰਥਕ ਸਿਧਾਂਤਾਂ 'ਤੇ ਚੱਲਣ ਵਾਲੇ ਆਗੂਆਂ ਦਾ ਹੀ ਸਾਥ ਦੇਵੇ। ਵਰਲਡ ਸਿੱਖ ਪਾਰਲੀਮੈਂਟ ਸਿੱਖ ਕੌਮ ਨੂੰ ਅਪੀਲ ਕਰਦੀ ਹੈ ਕਿ ਪੰਥ ਸਿਧਾਂਤਾਂ ਅਤੇ ਸਿੱਖ ਹਿੱਤਾਂ ਨੂੰ ਢਾਹ ਲਾਉਣ ਦੀਆਂ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਦਾ ਵਿਰੋਧ ਕਰਨ ਅਤੇ ਹਿੰਦੁਤਵੀ ਭਾਰਤ ਸਰਕਾਰ ਦੇ ਸਿੱਖਾਂ ਨੂੰ ਖਤਮ ਕਰਨ ਦੇ ਵਿਸ਼ਵ ਵਿਆਪੀ ਯਤਨਾਂ ਦਾ ਇਕਜੁੱਟ ਹੋ ਕੇ ਡੱਟ ਕੇ ਵਿਰੋਧ ਕਰਨ।
 


author

Inder Prajapati

Content Editor

Related News