ਈਰਾਨ ’ਚ ਟੁੱਟਿਆ ਇੰਟਰਨੈੱਟ ਬੰਦੀ ਦਾ ਵਿਸ਼ਵ ਰਿਕਾਰਡ
Sunday, Apr 05, 2026 - 11:58 PM (IST)
ਤਹਿਰਾਨ- ਈਰਾਨ ਵਿਚ ਇੰਟਰਨੈੱਟ ਬੰਦੀ ਨੇ ਹੁਣ ਤੱਕ ਦੇ ਸਾਰੇ ਵਿਸ਼ਵ ਰਿਕਾਰਡ ਤੋੜ ਦਿੱਤੇ ਹਨ। ਇੰਟਰਨੈੱਟ ਦੀ ਨਿਗਰਾਨੀ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ‘ਨੈੱਟਬਲਾਕਸ’ ਦੀ ਤਾਜ਼ਾ ਰਿਪੋਰਟ ਅਨੁਸਾਰ, ਈਰਾਨ ਵਿਚ ਜਾਰੀ ‘ਇੰਟਰਨੈੱਟ ਬਲੈਕਆਊਟ’ ਹੁਣ ਤੱਕ ਕਿਸੇ ਵੀ ਦੇਸ਼ ਵਿਚ ਦਰਜ ਕੀਤੀ ਗਈ ਦੁਨੀਆ ਦੀ ਸਭ ਤੋਂ ਲੰਬੀ ਦੇਸ਼-ਵਿਆਪੀ ਇੰਟਰਨੈੱਟ ਬੰਦੀ ਬਣ ਗਈ ਹੈ। ਨੈੱਟਬਲਾਕਸ ਮੁਤਾਬਕ, ਈਰਾਨ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਹੋਏ ਲਗਾਤਾਰ 37 ਦਿਨ (864 ਘੰਟੇ) ਬੀਤ ਚੁੱਕੇ ਹਨ। ਗੰਭੀਰਤਾ ਅਤੇ ਸਮਾਂ ਹੱਦ ਦੇ ਮਾਮਲੇ ਵਿਚ ਇਸ ਨੇ ਦੁਨੀਆ ਦੀਆਂ ਅਜਿਹੀਆਂ ਹੋਰ ਸਾਰੀਆਂ ਘਟਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਈਰਾਨ ਵਿਚ ਇਹ ਸਖ਼ਤ ਕਦਮ ਉੱਥੇ ਪੈਦਾ ਹੋਏ ਗੰਭੀਰ ਸੁਰੱਖਿਆ ਹਾਲਾਤ ਅਤੇ ਸਿਆਸੀ ਅਸਥਿਰਤਾ ਦੇ ਵਿਚਕਾਰ ਚੁੱਕਿਆ ਗਿਆ ਹੈ। ਲਗਾਤਾਰ ਇੰਨੇ ਦਿਨਾਂ ਤੋਂ ਸੰਚਾਰ ਸਾਧਨ ਠੱਪ ਹੋਣ ਕਾਰਨ ਆਮ ਨਾਗਰਿਕਾਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਪੂਰੀ ਤਰ੍ਹਾਂ ਕੱਟ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇੰਨੇ ਲੰਬੇ ਸਮੇਂ ਤੱਕ ਇੰਟਰਨੈੱਟ ਬੰਦ ਰਹਿਣ ਨਾਲ ਨਾ ਸਿਰਫ਼ ਦੇਸ਼ ਦੀ ਆਰਥਿਕਤਾ, ਸਗੋਂ ਆਮ ਲੋਕਾਂ ਦੇ ਜਨ-ਜੀਵਨ ’ਤੇ ਵੀ ਡੂੰਘਾ ਅਸਰ ਪੈ ਰਿਹਾ ਹੈ।
