ਦੁਨੀਆ ਦੇ ਨੇਤਾਵਾਂ ਨੇ ਕੋਵਿਡ-19 ਟੀਕਿਆਂ ਦੀ ‘ਖੇਪ’ ਲਈ ਭਾਰਤ ਦਾ ਕੀਤਾ ਧੰਨਵਾਦ
Wednesday, Sep 29, 2021 - 05:46 PM (IST)
ਸੰਯੁਕਤ ਰਾਸ਼ਟਰ— ਦੁਨੀਆ ਦੇ ਕਈ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕੋਵਿਡ-19 ਟੀਕਿਆਂ ਦੀ ਖੇਪ ਜ਼ਰੀਏ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ’ਚ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ। ਦੁਨੀਆ ਦੇ ਕਈ ਨੇਤਾਵਾਂ ਨੇ 21 ਸਤੰਬਰ ਤੋਂ 27 ਸਤੰਬਰ ਤੱਕ ਆਯੋਜਿਤ ਯੂ. ਐੱਨ. ਜੀ. ਏ. ਦੇ 76ਵੇਂ ਸੈਸ਼ਨ ਦੀ ਮਹਾਸਭਾ ’ਚ ਟੀਕਿਆਂ ਦੇ ਨਿਰਯਾਤ ਅਤੇ ਹੋਰ ਜ਼ਰੂਰੀ ਮੈਡੀਕਲ ਸਪਲਾਈ ਜ਼ਰੀਏ ਮਦਦ ਲਈ ਭਾਰਤ ਅਤੇ ਹੋਰ ਦੇਸ਼ਾਂ ਦਾ ਧੰਨਵਾਦ ਜ਼ਾਹਰ ਕੀਤਾ।
ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾਪ੍ਰਸਾਦ ਸੰਤੋਖੀ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਦੇਸ਼ਾਂ ਪ੍ਰਤੀ ਧੰਨਵਾਦ ਜਤਾਇਆ, ਜਿਨ੍ਹਾਂ ਨੇ ਇਕਜੁੱਟਤਾ ਵਿਖਾਈ ਅਤੇ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਮੇਰੇ ਦੇਸ਼ ਅਤੇ ਲੋਕਾਂ ਨੂੰ ਸ਼ੁਰੂਆਤੀ ਪੜਾਅ ਵਿਚ ਬਹੁਕੀਮਤੀ ਸਮਰਥਨ ਪ੍ਰਦਾਨ ਕੀਤਾ। ਸੰਤੋਖੀ ਨੇ ਕਿਹਾ ਕਿ ਅਸੀਂ ਵਿਸ਼ੇਸ਼ ਰੂਪ ਨਾਲ ਨੀਦਰਲੈਂਡ, ਭਾਰਤ, ਚੀਨ ਅਤੇ ਅਮਰੀਕਾ ਨੂੰ ਧੰਨਵਾਦ ਦਿੰਦੇ ਹਾਂ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕਿਹਾ ਕਿ ਦੁਨੀਆ ਭਰ ’ਚ ਆਪਣੇ ਸਹਿਯੋਗੀ ਅਤੇ ਦੋਸਤਾਂ ਤੋਂ ਮਿਲੀ ਮਦਦ ਲਈ ਧੰਨਵਾਦੀ ਹਾਂ। ਬੁਹਾਰੀ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਅਹਿਮ ਹੈ। ਅਸੀਂ ਕੋਵੈਕਸ ਪਹਿਲ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ, ਜਿਸ ਨਾਲ ਸਾਨੂੰ ਫਾਇਦਾ ਹੋਇਆ ਹੈ। ਅਸੀਂ ਟੀਕੇ ਉਪਲੱਬਧ ਕਰਾਉਣ ਲਈ ਅਮਰੀਕਾ, ਤੁਰਕੀ, ਭਾਰਤ, ਯੂਰਪੀ ਸੰਘ ਅਤੇ ਹੋਰਨਾਂ ਦਾ ਵੀ ਧੰਨਵਾਦ ਕਰਦੇ ਹਾਂ।
ਸੇਂਟ ਲੁਸੀਆ ਦੇ ਪ੍ਰਧਾਨ ਮੰਤਰੀ ਫਿਲਿਪ ਪਿਅਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ‘ਧੋਖੇਬਾਜ਼ ਸੁਭਾਅ’ ਕਾਰਨ ਇਹ ਸੁਰੱਖਿਆ ਵਾਲੀਆਂ ਸਰਹੱਦਾਂ ਨੂੰ ਵੀ ਪਾਰ ਕਰ ਕੇ ਦੁਨੀਆ ਭਰ ਵਿਚ ਫੈਲ ਗਿਆ। ਜਿਨ੍ਹਾਂ ਨੇ ਟੀਕਿਆਂ ਤੱਕ ਸਾਡੀ ਪਹੁੰਚ ਯਕੀਨੀ ਕਰਨ ਵਿਚ ਮਦਦ ਕੀਤੀ, ਉਨ੍ਹਾਂ ਦਾ ਧੰਨਵਾਦ ਜ਼ਾਹਰ ਕਰਦੇ ਹਨ। ਓਧਰ ਘਾਨਾ ਦੇ ਰਾਸ਼ਟਰਪਤੀ ਨਾਨਾ ਅਡੋ ਡੰਕਵਾ ਅਕੁਫੋ-ਅਡੋ ਨੇ ਵੀ ਭਾਰਤ ਵਿਚ ਨਿਰਮਿਤ ਕੋਵਿਡ-19 ਰੋਕੂ ਟੀਕਿਆਂ ‘ਕੋਵਿਸ਼ੀਲਡ’ ਨੂੰ ਯੂਰਪ ਦੇ ਕੁਝ ਦੇਸ਼ਾਂ ਤੋਂ ਯਾਤਰੀਆਂ ਲਈ ਮਾਨਤਾ ਨਾ ਮਿਲਣ ਨੂੰ ਬਦਕਿਸਮਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਟੀਕਿਆਂ ਨੂੰ ਅਫ਼ਰੀਕੀ ਦੇਸ਼ਾਂ ਨੂੰ ‘ਕੋਵੈਕਸ’ ਪਹਿਲ ਜ਼ਰੀਏ ਦਾਨ ਕੀਤਾ ਗਿਆ। ਫਿਜ਼ੀ ਦੇ ਪ੍ਰਧਾਨ ਮੰਤਰੀ ਜੋਸਿਆ ਬੈਨੀਮਾਰਾਮ ਨੇ ਵੀ ਟੀਕੇ ਮੁਹੱਈਆ ਕਰਾਉਣ ਲਈ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਦਾ ਧੰਨਵਾਦ ਕੀਤਾ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਅਸੀਂ ਟੀਕਿਆਂ ਦੀਆਂ ਲੱਖਾਂ ਖ਼ੁਰਾਕਾਂ ਖਰੀਦਣ ਲਈ 62 ਕਰੋੜ ਡਾਲਰ ਤੋਂ ਵੱਧ ਨਿਵੇਸ਼ ਕਰ ਰਹੇ ਹਾਂ। ਦੋਸਤਾਂ ਅਤੇ ਗੁਆਂਢੀਆਂ ਨੂੰ ਤਕਨੀਕੀ ਸਲਾਹ, ਸਿਹਤ ਕਾਮਿਆਂ ਨੂੰ ਸਿਖਲਾਈ ਅਤੇ ਸਹਿਯੋਗ ਮੁਹੱਈਆ ਕਰਵਾ ਰਹੇ ਹਾਂ। ਇਸ ਵਿਚ ਸਾਡੇ ਚੰਗੇ ਦੋਸਤਾਂ ਵਿਚ ਅਮਰੀਕਾ, ਭਾਰਤ ਅਤੇ ਜਾਪਾਨ ਨਾਲ ਕਵਾਡ ਟੀਕਾ ਸਾਂਝੇਦਾਰੀ ਜ਼ਰੀਏ 10 ਕਰੋੜ ਡਾਲਰ ਦਾ ਯੋਗਦਾਨ ਸ਼ਾਮਲ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇ ਸ਼ੇਰਿੰਗ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਅਤੇ ਹੋਰ ਸਾਂਝੇਦਾਰਾਂ ਤੋਂ ਇਲਾਵਾ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਨ੍ਹਾਂ ਸਾਲਾਂ ਵਿਚ ਬਿਨਾਂ ਕਿਸੇ ਸ਼ਰਤ ਦੇ ਸਹਿਯੋਗ ਦਿੱਤਾ।