ਅਮੈਰਿਕਨ ਕਬੱਡੀ ਫੈਡਰੇਸ਼ਨ ਤੇ ਫ਼ਤਿਹ ਸਪੋਰਟਸ ਕਲੱਬ ਵੱਲੋਂ ਕਰਵਾਇਆ ਵਰਲਡ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ
Tuesday, Oct 07, 2025 - 05:28 AM (IST)

ਸਟਾਕਟਨ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸਥਾਨਕ ਐਡਵਿੰਟਿਸਟ ਹੈਲਥ ਅਰੀਨਾ ਵਿੱਚ ਅਮੈਰਿਕਨ ਕਬੱਡੀ ਫੈਡਰੇਸ਼ਨ ਅਤੇ ਫ਼ਤਿਹ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਪਹਿਲਾ ਵਰਲਡ ਕਬੱਡੀ ਟੂਰਨਾਮੈਂਟ ਲੰਘੇ ਐਤਵਾਰ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 5 ਮੁਲਕਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਯੂ. ਐਸ. ਏ., ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਾਰਵੇ ਦੀਆਂ ਟੀਮਾਂ ਸ਼ਾਮਲ ਸਨ। ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਉਪਰੰਤ ਟੀਮਾਂ ਨੇ ਆਪੋ-ਆਪਣੇ ਦੇਸ਼ ਦੇ ਬੈਨਰ ਫੜ ਕੇ ਮਾਰਚ ਕਰਦਿਆਂ ਕੀਤੀ।
ਸਭ ਤੋਂ ਪਹਿਲਾਂ ਅੰਡਰ ਟਵੰਟੀ ਵੰਨ ਦੇ ਮੈਚ ਹੋਏ। ਉਪਰੰਤ ਕਲੱਬਾਂ ਦੇ ਮੈਚ ਬੜੇ ਫਸਵੇਂ ਤੇ ਰੌਚਕ ਰਹੇ। ਇਹ ਅਮਰੀਕਾ ਦਾ ਪਹਿਲਾ ਵਰਲਡ ਕਬੱਡੀ ਟੂਰਨਾਮੈਂਟ ਸੀ, ਜੋ ਇੰਨਡੋਰ ਅਰੀਨਾ ਵਿੱਚ ਖੇਡਿਆ ਗਿਆ। ਵੱਡੀਆਂ ਟੀਵੀ ਸਕਰੀਨਾਂ ਤੇ ਚੱਲਦੇ ਮੈਚ, ਚਮਕਦੀਆਂ ਲਾਈਟਾਂ ਤੇ ਸ਼ਾਨਦਾਰ ਸੀਟਾਂ ਕਿਸੇ ਐੱਨ. ਬੀ. ਏ. ਦੇ ਟੂਰਨਾਮੈਂਟ ਦਾ ਭੁਲੇਖਾ ਪਾ ਰਹੀਆਂ ਸਨ। ਦਰਸ਼ਕ ਇਕੱਲੇ ਇਕੱਲੇ ਪੁਆਇੰਟ ਤੇ ਤਾੜੀਆਂ ਤੇ ਕਿਲਕਾਰੀਆਂ ਮਾਰ ਕੇ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਸਨ। ਇਸ ਟੂਰਨਾਮੈਂਟ ਵਿੱਚ ਸ਼ੀਲੂ ਤੇ ਮੀਕ ਨੇ ਬਾਕਮਾਲ ਜੱਫੇ ਲਾਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਫਾਈਨਲ ਮੈਚ ਕੈਨੇਡਾ ਤੇ ਅਮਰੀਕਾ ਦਰਮਿਆਨ ਖੇਡਿਆ ਗਿਆ। ਇਸ ਮੈਚ ਦੌਰਾਨ ਫਸਵੇਂ ਮੁਕਾਬਲੇ ਵਿੱਚ ਅਮਰੀਕਾ ਜੇਤੂ ਰਿਹਾ। ਇਸ ਟੂਰਨਾਮੈਂਟ ਦਾ ਬਿੱਸਟ ਜਾਫੀ ਸ਼ੀਲੂ ਤੇ ਬਿੱਸਟ ਰੇਡਰ ਚਿੱਤਪਾਲ ਚਿੱਟੀ ਰਹੇ। ਜੱਸਾ ਪੱਟੀ ਤੇ ਡੁੰਮਖੇੜੀ ਦੀ ਕੁਸ਼ਤੀ ਦਾ ਵੀ ਦਰਸ਼ਕਾਂ ਨੇ ਰੱਜਵਾਂ ਅਨੰਦ ਮਾਣਿਆ। ਇਹ ਕੁਸ਼ਤੀ ਪੁਆਇੰਟਾਂ ਤੇ ਜੱਸਾ ਪੱਟੀ ਨੇ ਜਿੱਤੀ। ਲਾਈਵ ਕਬੱਡੀ ਤੇ ਜਸ ਪੰਜਾਬੀ ਵੱਲੋਂ ਇਹ ਟੂਰਨਾਮੈਂਟ ਲਾਈਵ ਵਿਖਾਇਆ ਗਿਆ। ਇਸ ਮੌਕੇ ਅਮੈਰਿਕਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਸਭਨਾਂ ਦਾ ਵਰਲਡ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਫ਼ਤਿਹ ਸਪੋਰਟਸ ਕਲੱਬ ਦੇ ਮੋਢੀ ਸ. ਸੰਦੀਪ ਸਿੰਘ ਜੰਟੀ ਨੇ ਕਿਹਾ ਕਿ ਇਹ ਸਫ਼ਰ ਸੌਖਾ ਨਹੀਂ ਸੀ, ਪਰ ਭਰਾਵਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਸਫਲ ਹੋ ਨਿੱਬੜਿਆ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੋਂ ਧੀਰਾ ਨਿੱਝਰ, ਬਿੱਟੂ ਰੰਧਾਵਾ, ਲਾਲੀ, ਸ. ਤਰਲੋਚਨ ਸਿੰਘ ਆਦਿ ਸੱਜਣ ਆਪਣੇ ਸਾਥੀਆਂ ਨਾਲ ਵਰਲਡ ਕਬੱਡੀ ਕੱਪ ਤੇ ਨਾਰਵੇ ਅਤੇ ਯੂ. ਐਸ. ਏ. ਦੀ ਟੀਮ ਦੀ ਅਗਵਾਈ ਕਰ ਰਹੇ ਸਨ। ਦਰਸ਼ਕਾਂ ਦੇ ਭਰਵੇਂ ਇਕੱਠ ਤੇ ਖਿਡਾਰੀਆਂ ਦੇ ਜੋਸ਼ ਤੇ ਪ੍ਰਬੰਧਕਾਂ ਦੇ ਯੋਗ ਪ੍ਰਬੰਧਾਂ ਨਾਲ ਇਹ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8