WHO ਮੁਤਾਬਕ ਕੋਰੋਨਾ ਦੀ ਲਪੇਟ 'ਚ ਆਉਣਗੇ ਅਜੇ ਹੋਰ ਲੋਕ ਪਰ ਦਿਖ ਰਹੀ ਉਮੀਦ ਦੀ ਕਿਰਨ
Tuesday, Aug 11, 2020 - 09:51 AM (IST)
ਜੇਨੇਵਾ : ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ ਜਾਰੀ ਗਲੋਬਲ ਜੰਗ ਵਿਚ ਹੁਣ ਉਮੀਦ ਦੀ ਕਿਰਨ ਵਿਖਾਈ ਦੇਣ ਲੱਗੀ ਹੈ। ਡਬਲਯੂ.ਐਚ.ਓ. ਦੇ ਮੁਖੀ ਟੇਡਰੋਸ ਅਦਨੋਮ ਗੇਬ੍ਰੇਇਸਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਣ ਲਈ ਅਜੇ ਬਹੁਤ ਜ਼ਿਆਦਾ ਦੇਰ ਨਹੀਂ ਹੋਈ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਅਪੀਲ ਦੀ ਕਿ ਉਹ ਕੋਰੋਨਾ ਨੂੰ ਫੈਲਣ ਤੋਂ ਰੋਕਣ ਤਾਂ ਕਿ ਸਮਾਜ ਨੂੰ ਫਿਰ ਤੋਂ ਖੋਲਿਆ ਜਾ ਸਕੇ।
ਉਥੇ ਹੀ ਡਬਲਯੂ.ਐਚ.ਓ. ਨੇ ਚਿਤਾਵਨੀ ਵੀ ਦਿੱਤੀ ਹੈ ਕਿ ਅਜੇ ਹੋਰ ਆਬਾਦੀ ਇਸ ਦੀ ਲਪੇਟ ਵਿਚ ਆ ਸਕਦੀ ਹੈ। ਟੇਡਰੋਸ ਨੇ ਅਨੁਮਾਨ ਲਗਾਇਆ ਹੈ ਕਿ ਇਸ ਹਫ਼ਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 2 ਕਰੋੜ ਤੱਕ ਪਹੁੰਚ ਜਾਵੇਗੀ, ਜਿਨ੍ਹਾਂ ਵਿਚ ਲਗਭਗ 7,50,000 ਮੌਤ ਦੇ ਮਾਮਲੇ ਸ਼ਾਮਲ ਹਨ। ਡਬਲਯੂ.ਐਚ.ਓ. ਦੇ ਮੁਖੀ ਟੇਡਰੋਸ ਨੇ ਸੋਮਵਾਰ ਨੂੰ ਕਿਹਾ, 'ਇਨ੍ਹਾਂ ਅੰਕੜਿਆਂ ਦੇ ਪਿੱਛੇ ਬਹੁਤ ਦਰਦ ਅਤੇ ਪੀੜਾ ਹੈ।' ਉਨ੍ਹਾਂ ਵਾਇਰਸ ਨਾਲ ਲੜਨ ਲਈ ਕੋਈ ਨਵੀਂ ਰਣਨੀਤੀ ਨਹੀਂ ਦੱਸੀ ਪਰ ਉਨ੍ਹਾਂ ਨੇ ਦੁਨੀਆ ਲਈ ਨਿਊਜ਼ੀਲੈਂਡ ਦਾ ਉਦਾਹਰਣ ਰੱਖਦੇ ਹੋਏ ਕਿਹਾ, 'ਨੇਤਾਵਾਂ ਨੂੰ ਉਪਾਅ ਕਰਣ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਾਗਰਿਕਾਂ ਨੂੰ ਨਵੇਂ ਉਪਰਾਲਿਆਂ ਨੂੰ ਅਪਨਾਉਣ ਦੀ ਲੋੜ ਹੈ।'
ਦੱਸ ਦੇਈਏ ਕਿ ਨਿਊਜ਼ੀਲੈਂਡ ਵਿਚ 100 ਦਿਨ ਤੋਂ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਟੇਡਰੋਸ ਨੇ ਕਿਹਾ ਕਿ ਹਾਲ ਹੀ ਵਿਚ ਬ੍ਰਿਟੇਨ ਅਤੇ ਫ਼ਰਾਂਸ ਸਮੇਤ ਦੇਸ਼ਾਂ ਨੇ ਜੋ ਉਪਾਅ ਅਪਣਾਏ ਹਨ, ਉਹ ਨਵੇਂ ਮਾਮਲਿਆਂ ਨੂੰ ਰੋਕਣ ਲਈ ਜ਼ਰੂਰੀ ਵਿਸ਼ੇਸ਼ ਰਣਨੀਤੀਆਂ ਦਾ ਇਕ ਚੰਗਾ ਉਦਾਹਰਣ ਹੈ। ਇਸ ਵਿਚ ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸੇਵਾ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਹੋਰ ਵਾਇਰਸ ਦੀ ਤਰ੍ਹਾਂ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ।