ਭਾਰਤੀ ਮੂਲ ਦੇ ਅਨਿਲ ਸੋਨੀ ਬਣੇ WHO ਫਾਊਂਡੇਸ਼ਨ ਦੇ ਪਹਿਲੇ CEO

12/08/2020 5:56:42 PM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਸਿਹਤ ਮਾਹਰ ਅਨਿਲ ਸੋਨੀ ਨੂੰ ਵਿਸ਼ਵ ਸਿਹਤ ਸੰਗਠਨ ਫਾਊਂਡੇਸ਼ਨ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਵਿਚ ਸਿਹਤ ਦੇ ਮੋਰਚੇ 'ਤੇ ਲੜਾਈ ਦੇ ਲਈ ਨਵਾਂ ਸੰਗਠਨ ਬਣਾਇਆ ਹੈ। ਅਨਿਲ ਸੋਨੀ ਇਸ ਦੇ ਪਹਿਲੇ ਸੀ.ਈ.ਓ. ਬਣੇ ਹਨ। ਅਨਿਲ ਸੋਨੀ 1 ਜਨਵਰੀ ਤੋਂ ਆਪਣੇ ਕੰਮ ਨੂੰ ਸੰਭਾਲਣਗੇ। ਇਸ ਦੌਰਾਨ ਉਹਨਾਂ ਦਾ ਮੁੱਖ ਫੋਕਸ ਦੁਨੀਆ ਵਿਚ ਸਿਹਤ ਖੇਤਰ ਵਿਚ ਨਵੀਂ ਤਕਨੀਕ ਦੀ ਵਰਤੋਂ ਅਤੇ ਇਸ ਦਾ ਫਾਇਦਾ ਆਮ ਲੋਕਾਂ ਨੂੰ ਪਹੁੰਚਾਉਣ 'ਤੇ ਰਹੇਗਾ। 

 

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਸੰਕਟ ਦੇ ਵਿਚ ਮਈ 2020 ਵਿਚ ਵਿਸ਼ਵ ਸਿਹਤ ਸੰਗਠਨ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਅਨਿਲ ਸੋਨੀ ਗਲੋਬਲ ਹੈਲਥਕੇਅਰ ਕੰਪਨੀ ਵਿਯਾਟ੍ਰਿਸ ਦੇ ਨਾਲ ਸਨ, ਜਿੱਥੇ ਉਹ ਗਲੋਬਲ ਇਨਫੈਕਸ਼ਨ ਡਿਜੀਜ਼ ਦੇ ਹੈੱਡ ਦੇ ਤੌਰ 'ਤੇ ਕੰਮ ਕਰ ਰਹੇ ਸਨ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਟੇਡ੍ਰੋਸ ਨੇ ਅਨਿਲ ਸੋਨੀ ਦੀ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਸਿਹਤ ਦੇ ਖੇਤਰ ਵਿਚ ਨਜਿੱਠਣ ਲਈ ਨਵੇਂ ਤਰ੍ਹਾਂ ਦੇ ਪ੍ਰਯੋਗ ਕਰਨ ਵਾਲਾ ਦੱਸਿਆ ਹੈ। 

ਉਹਨਾਂ ਨੇ ਕਿਹਾ ਕਿ ਅੱਜ ਦੁਨੀਆ ਮੁਸ਼ਕਲ ਸਮੇਂ ਵਿਚੋਂ ਲੰਘ ਰਹੀ ਹੈ। ਅਜਿਹੇ ਵਿਚ ਉਹਨਾਂ ਦੀ ਨਵੀਂ ਸੋਚ ਸਾਨੂੰ ਅਜਿਹੇ ਸਮੇਂ ਵਿਚ ਲੜਨ ਦਾ ਮੌਕਾ ਦੇਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਨਿਲ ਸੋਨੀ ਇਸ ਤੋਂ ਪਹਿਲਾਂ ਕਲਿੰਟਨ ਹੈਲਥ ਐਕਸੈਸ ਵਿਚ ਵੀ ਕੰਮ ਕਰ ਚੁੱਕੇ ਹਨ। ਜਿੱਥੇ ਉਹ 2005 ਤੋਂ 2010 ਤੱਕ ਰਹੇ। ਉਹਨਾਂ ਦੇ ਇਲਾਵਾ ਬਿਲ ਅਤੇ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸਿਹਤ ਵਿਭਾਗ ਵਿਚ ਉਹਨਾਂ ਨੇ ਕੰਮ ਕੀਤਾ। ਅਨਿਲ ਸੋਨੀ ਨੇ ਐੱਚ.ਆਈ.ਵੀ. ਦੇ ਇਲਾਜ ਵਿਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਕੋਰੋਨਾ ਸੰਕਟ ਕਾਲ ਵਿਚ ਦੁਨੀਆ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੀ ਵੀ ਆਲੋਚਨਾ ਕੀਤੀ ਗਈ ਪਰ ਹੁਣ ਨਵੇਂ ਸੰਗਠਨ ਅਤੇ ਜੋਸ਼ ਨਾਲ ਵਿਸ਼ਵ ਸਿਹਤ ਸੰਗਠਨ ਫੰਡ ਇਕੱਠਾ ਕਰਨ ਵਿਚ ਜੁਟਿਆ ਹੋਇਆ ਹੈ।

ਨੋਟ- ਅਨਿਲ ਸੋਨੀ ਦੇ WHO ਫਾਊਂਡੇਸ਼ਨ ਦੇ ਪਹਿਲੇ CEO ਬਣਨ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News