ਫੀਫਾ ਵਿਸ਼ਵ ਕੱਪ ਜੇਤੂ ਫਰਾਂਸ ਦੀ ਟੀਮ ਵੀ ਹੋਈ ਨਸਲੀ ਟਿੱਪਣੀਆਂ ਦੀ ਸ਼ਿਕਾਰ

07/18/2018 12:38:18 PM

ਮਿਲਾਨ, (ਸਾਬੀ ਚੀਨੀਆ)— ਲੋਕਾਂ ਵਿਚ ਨਸਲੀ ਭੇਦਭਾਵ ਇੰਨਾ ਵਧ ਚੁੱਕਾ ਹੈ ਕਿ ਇਸ ਦਾ ਸੇਕ ਖੇਡ ਮੈਦਾਨਾਂ ਤਕ ਪੁੱਜ ਗਿਆ ਹੈ।  ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾਉਣ ਵਾਲੀ ਫਰਾਂਸ ਦੀ ਜੇਤੂ ਟੀਮ ਦੇ ਖਿਡਾਰੀਆਂ ਨੂੰ ਅਫਰੀਕੀ ਮੂਲ ਦੇ ਆਖ ਕੇ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਫਰਾਂਸ ਦੀ ਜਿੱਤ ਦੀ ਗੱਲ ਯੂਰਪੀ ਸੱਥਾਂ ਵਿਚ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਆਖਦੇ ਸੁਣੇ ਜਾ ਸਕਦੇ ਹਨ ਕਿ ਫਰਾਂਸ ਗੋਰਿਆਂ ਦਾ ਦੇਸ਼ ਹੈ ਪਰ ਇਸ ਟੀਮ ਵਿਚ ਖੇਡਣ ਵਾਲੇ ਬਹੁਤੇ ਖਿਡਾਰੀਆਂ ਦਾ ਪਿਛੋਕੜ ਅਫਰੀਕਾ ਮੂਲ ਦੇ ਦੇਸ਼ਾਂ ਨਾਲ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਚਾਰ ਸਾਲ ਪਹਿਲਾਂ 2014 'ਚ ਇਟਲੀ ਦੀ ਟੀਮ ਵਿਸ਼ਵ ਕੱਪ ਖੇਡ ਰਹੀ ਸੀ ਉਸ ਸਮੇਂ ਵੀ ਇਟਲੀ ਦੇ ਬਹੁਤ ਸਾਰੇ ਖੇਡ ਪ੍ਰੇਮੀਆਂ ਵਲੋਂ ਮਾਰੀ ਬਾਲੋਟੇਲੀ ਨਾਮੀ ਖਿਡਾਰੀ ਨੂੰ ਅਫਰੀਕੀ ਮੂਲ ਦਾ ਆਖ ਕੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ । ਅਜਿਹੀਆਂ ਟਿੱਪਣੀਆਂ ਕਰਕੇ ਉਸ ਖਿਡਾਰੀ ਦਾ ਭਵਿੱਖ ਧੁੰਦਲਾ ਹੋ ਗਿਆ।
ਬੀਤੇ ਦਿਨੀਂ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਲੋਂ ਵੀ ਇਕ ਅਜਿਹਾ ਬਿਆਨ ਦਿੱਤਾ ਗਿਆ ਹੈ। ਇਸ ਵਿਚ ਉਨ੍ਹਾਂ ਆਖਿਆ ਕਿ ਫਰਾਂਸ ਦੀ ਟੀਮ ਕਿਸੇ ਅਫਰੀਕੀ ਦੇਸ਼ ਦੀ ਟੀਮ ਲੱਗਦੀ ਹੈ। ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਖੇਡ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ, ਜਿਸ ਕਾਰਨ ਵਿਸ਼ਵ ਜੇਤੂ ਟੀਮ ਦੇ ਖਿਡਾਰੀਆਂ ਦੇ ਮਨੋਬਲ ਨੂੰ ਸੱਟ ਵੀ ਲੱਗੀ ਰਹੀ ਹੈ। ਉੱਥੇ ਹੀ ਫਰਾਂਸ ਵਿਚ ਰਹਿਣ ਵਾਲੇ ਲੋਕਾਂ ਵਿਚ ਵੀ ਨਫਰਤ ਦੀ ਕੰਧ ਖੜ੍ਹੀ ਹੋ ਰਹੀ ਹੈ।  ਦੱਸਣਯੋਗ ਹੈ ਕਿ ਫਰਾਂਸੀਸੀ ਟੀਮ ਵਿਚ ਖੇਡਣ ਵਾਲੇ ਖਿਡਾਰੀ ਫਰਾਂਸ ਦੇ ਜੰਮ-ਪਲ ਹਨ ਅਤੇ ਉਹ ਆਪਣੀ ਕਾਬਲੀਅਤ ਕਾਰਨ ਆਪਣੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ ।


Related News