ਮੰਦੀ ਦੀ ਗ੍ਰਿਫਤ ’ਚ ਆ ਗਈ ਹੈ ਦੁਨੀਆ, 2009 ਤੋਂ ਬੁਰੇ ਹਾਲਾਤ : IMF ਪ੍ਰਮੁੱਖ

Sunday, Mar 29, 2020 - 12:38 AM (IST)

ਮੰਦੀ ਦੀ ਗ੍ਰਿਫਤ ’ਚ ਆ ਗਈ ਹੈ ਦੁਨੀਆ, 2009 ਤੋਂ ਬੁਰੇ ਹਾਲਾਤ : IMF ਪ੍ਰਮੁੱਖ

ਵਾਸ਼ਿੰਗਟਨ (ਭਾਸ਼ਾ)-ਕੋਰੋਨਾ ਵਾਇਰਸ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਮੰਦੀ ਵੱਲ ਧੱਕ ਦਿੱਤਾ ਹੈ। ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੀ ਪ੍ਰਮੁੱਖ ਕ੍ਰਿਸਟਲੀਨਾ ਜਾਰਜੀਵਾ ਨੇ ਲੈਂਡਰਸ ਸਟੀਅਰਿੰਗ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ। ਆਈ. ਐੱਮ. ਐੱਫ. ਚੀਫ ਨੇ ਕਿਹਾ ਕਿ ਇਹ ਸਾਫ ਹੋ ਚੁੱਕਾ ਹੈ ਕਿ ਦੁਨੀਆ ਦੀ ਅਰਥਵਿਵਸਥਾ ਮੰਦੀ ਦੀ ਗ੍ਰਿਫਤ ਵਿਚ ਆ ਚੁੱਕੀ ਹੈ ਅਤੇ ਹਾਲਾਤ 2009 ਤੋਂ ਵੱਧ ਬੁਰੇ ਹਨ। ਸਾਨੂੰ 2021 ਵਿਚ ਸੁਧਾਰ ਦੀ ਉਮੀਦ ਹੈ। ਮੌਜੂਦਾ ਹਾਲਾਤ ਵਿਚ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਤੋਂ ਉਭਰਨ ਲਈ ਵੱਡੇ ਫੰਡ ਦੀ ਲੋੜ ਪਵੇਗੀ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਇਹ ਰਾਸ਼ੀ 2.5 ਟ੍ਰਿਲੀਅਨ ਡਾਲਰ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਦੱਸਿਆ ਕੀਤਾ ਕਿ ਇਹ ਸ਼ੁਰੂਆਤੀ ਅੰਦਾਜ਼ਾ ਹੈ ਅਤੇ ਇਹ ਰਾਸ਼ੀ ਵਧ ਵੀ ਸਕਦੀ ਹੈ।

ਕੋਵਿਡ-19 ਕਾਰਣ ਕਈ ਉਭਰਦੀਆਂ ਹੋਈਆਂ ਅਰਥਵਿਵਸਥਾਵਾਂ ਦੀ ਹਾਲਾਤ ਖਰਾਬ
ਜਾਰਜੀਵਾ ਨੇ ਅੱਗੇ ਕਿਹਾ ਕਿ ਕੋਵਿਡ-19 ਕਾਰਣ ਕਈ ਉਭਰਦੀਆਂ ਹੋਈਆਂ ਅਰਥਵਿਵਸਥਾਵਾਂ ਦੀ ਹਾਲਤ ਖਰਾਬ ਹੈ। ਬੀਤੇ ਕੁਝ ਹਫਤਿਆਂ ਵਿਚ ਇਨ੍ਹਾਂ ਬਾਜ਼ਾਰਾਂ ’ਚੋਂ ਤਕਰੀਬਨ 83 ਬਿਲੀਅਨ ਡਾਲਰ ਦੀ ਪੂੰਜੀ ਨਿਕਲ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਦੇ ਭੰਡਾਰ ਤੇ ਘਰੇਲੂ ਸੋਮੇ ਨਾਕਾਫੀ ਸਾਬਤ ਹੋਣਗੇ। ਅਜਿਹੇ ਵਿਚ ਆਈ. ਐੱਮ. ਐੱਫ. ਨੂੰ ਇਸ ਹਾਲਤ ਨਾਲ ਨਜਿੱਠਣ ਲਈ ਤੇਜ਼ੀ ਨਾਲ ਕੰਮ ਕਰਨਾ ਪਵੇਗਾ ਤੇ ਭਵਿੱਖ ਲਈ ਅਜਿਹੇ ਕਦਮ ਚੁੱਕਣੇ ਪੈਣਗੇ, ਜਿਹੜੇ ਪਹਿਲਾਂ ਨਹੀਂ ਚੁੱਕੇ ਗਏ।

ਲੈਂਡਰਸ ਕਮੇਟੀ ਤੋਂ ਵਾਧੂ 50 ਬਿਲੀਅਨ ਡਾਲਰ ਦੀ ਮੰਗੀ ਮਦਦ
ਆਈ. ਐੱਮ. ਐੱਫ. ਪ੍ਰਮੁੱਖ ਨੇ ਮੀਟਿੰਗ ਵਿਚ ਲੈਂਡਰਸ ਸਟੀਅਰਿੰਗ ਕਮੇਟੀ ਨੂੰ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਫੰਡ ਵਿਚ ਵਾਧੂ 50 ਬਿਲੀਅਨ ਡਾਲਰ ਪਾਉਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਅਮਰੀਕੀ ਸੀਨੇਟ ਵਲੋਂ ਕੋਰੋਨਾ ਨਾਲ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਮਨਜ਼ੂਰ ਕੀਤੇ ਗਏ 2.2 ਟ੍ਰਿਲੀਅਨ ਡਾਲਰ ਦੇ ਆਰਥਿਕ ਪੈਕੇਜ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਜਿਸ ਤੇਜ਼ੀ ਨਾਲ ਆਰਥਿਕ ਗਤੀਵਿਧੀਆਂ ਰੁਕੀਆਂ ਹਨ, ਉਸ ਸਥਿਤੀ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਸਹਾਰਾ ਦੇਣਾ ਬੇਹੱਦ ਜ਼ਰੂਰੀ ਸੀ।


author

Karan Kumar

Content Editor

Related News