ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਵਧੀ ਤਨਖਾਹ, ਹਰ ਸਾਲ ਮਿਲਣਗੇ 27 ਕਰੋੜ ਰੁਪਏ

Wednesday, Sep 09, 2026 - 04:09 AM (IST)

ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਵਧੀ ਤਨਖਾਹ, ਹਰ ਸਾਲ ਮਿਲਣਗੇ 27 ਕਰੋੜ ਰੁਪਏ

ਸਿੰਗਾਪੁਰ ਸਿਟੀ - ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ। ਦੁਨੀਆ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਨੇਤਾਵਾਂ ’ਚ ਸ਼ਾਮਲ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੀ ਸਾਲਾਨਾ ਕਮਾਈ ਹੁਣ ਲੱਗਭਗ 11 ਕਰੋੜ ਰੁਪਏ ਵਧ ਜਾਵੇਗੀ।

ਵੋਂਗ ਨੂੰ ਫਿਲਹਾਲ ਸਾਲਾਨਾ ਲੱਗਭਗ 22 ਲੱਖ ਸਿੰਗਾਪੁਰ ਡਾਲਰ (ਲੱਗਭਗ 16 ਕਰੋੜ ਰੁਪਏ) ਮਿਲਦੇ ਹਨ। ਵਾਧੇ ਤੋਂ ਬਾਅਦ ਉਨ੍ਹਾਂ ਦਾ ਸਾਲਾਨਾ ਪੈਕੇਜ ਲੱਗਭਗ 36 ਲੱਖ ਸਿੰਗਾਪੁਰ ਡਾਲਰ (ਲੱਗਭਗ 27 ਕਰੋੜ ਰੁਪਏ) ਹੋ ਜਾਵੇਗਾ। ਮਤਲਬ ਉਨ੍ਹਾਂ ਦੀ ਕਮਾਈ ’ਚ 60 ਫੀਸਦੀ ਤੋਂ ਵੱਧ ਦਾ ਇਜ਼ਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲੱਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਨਾਲ ਵੋਂਗ ਦੀ ਨਵੀਂ ਸਾਲਾਨਾ ਕਮਾਈ ਮੋਦੀ ਦੀ ਤਨਖਾਹ ਤੋਂ ਲੱਗਭਗ 135 ਗੁਣਾ ਵੱਧ ਹੋਵੇਗੀ।

ਮੰਤਰੀਆਂ ਦੀ ਵੀ ਵਧੇਗੀ ਤਨਖਾਹ
ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲੱਗਭਗ 11 ਲੱਖ ਸਿੰਗਾਪੁਰ ਡਾਲਰ ( 8.20 ਕਰੋੜ ਰੁਪਏ) ਮਿਲਦੇ ਹਨ। ਨਵੀਂ ਵਿਵਸਥਾ ’ਚ ਇਹ ਵਧ ਕੇ ਲੱਗਭਗ 12 ਲੱਖ ਡਾਲਰ (8.95 ਕਰੋੜ ਰੁਪਏ) ਹੋ ਜਾਵੇਗੀ।

ਵੋਂਗ ਦੇ ਮੁਤਾਬਕ, ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ (ਲੱਗਭਗ 10 ਕਰੋੜ ਰੁਪਏ) ਤੱਕ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ ਜੀ. ਡੀ. ਪੀ. ਗ੍ਰੋਥ ਵਰਗੇ ਟੀਚਿਆਂ ਨੂੰ ਹਾਸਲ ਕਰਨ ’ਤੇ ਉਨ੍ਹਾਂ ਦੀ ਕਮਾਈ ਵਧ ਸਕਦੀ ਹੈ।

ਸਰਕਾਰ ਦੀ ਦਲੀਲ-ਜ਼ਿਆਦਾ ਤਨਖਾਹ ਨਾਲ ਘਟੇਗਾ ਭ੍ਰਿਸ਼ਟਾਚਾਰ
ਸਿੰਗਾਪੁਰ ਸਰਕਾਰ ਲੰਬੇ ਸਮੇਂ ਤੋਂ ਮੰਤਰੀਆਂ ਨੂੰ ਜ਼ਿਆਦਾ ਤਨਖਾਹ ਦੇਣ ਦੇ ਫੈਸਲੇ ਦਾ ਬਚਾਅ ਕਰਦੀ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਮੰਤਰੀਆਂ ਨੂੰ ਚੰਗੀ ਤਨਖਾਹ ਮਿਲਣੀ ਚਾਹੀਦੀ ਹੈ, ਤਾਂ ਜੋ ਯੋਗ ਲੋਕ ਰਾਜਨੀਤੀ ’ਚ ਆਉਣ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ।

ਸਿੰਗਾਪੁਰ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ’ਚ ਸ਼ਾਮਲ ਹੈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੇ ‘ਕਰੱਪਸ਼ਨ ਪਰਸੈਪਸ਼ਨ ਇੰਡੈਕਸ’ ’ਚ ਵੀ ਉਹ ਲਗਾਤਾਰ ਉੱਚੀ ਰੈਂਕਿੰਗ ’ਤੇ ਰਿਹਾ ਹੈ। ਸਰਕਾਰ ਇਸ ਨੂੰ ਆਪਣੀ ਉੱਚੀ ਤਨਖਾਹ ਵਾਲੀ ਵਿਵਸਥਾ ਦੇ ਪੱਖ ’ਚ ਇਕ ਉਦਾਹਰਨ ਮੰਨਦੀ ਹੈ।
 


author

Inder Prajapati

Content Editor

Related News