ਨੇਪਾਲ ਟੂਰਿਜ਼ਮ ''ਚ ਭਾਰਤੀਆਂ ਦਾ ਦਬਦਬਾ ! ਨੇਪਾਲ ’ਚ ਸਤੰਬਰ ’ਚ ਪਹੁੰਚੇ ਸਭ ਤੋਂ ਵੱਧ ਭਾਰਤੀ ਸੈਲਾਨੀ

Friday, Oct 02, 2026 - 08:02 PM (IST)

ਨੇਪਾਲ ਟੂਰਿਜ਼ਮ ''ਚ ਭਾਰਤੀਆਂ ਦਾ ਦਬਦਬਾ ! ਨੇਪਾਲ ’ਚ ਸਤੰਬਰ ’ਚ ਪਹੁੰਚੇ ਸਭ ਤੋਂ ਵੱਧ ਭਾਰਤੀ ਸੈਲਾਨੀ

ਕਾਠਮੰਡੂ,  (ਏਜੰਸੀ)- ਨੇਪਾਲ ’ਚ ਸਤੰਬਰ ਮਹੀਨੇ ’ਚ ਸਭ ਤੋਂ ਵੱਧ ਵਿਦੇਸ਼ੀ ਸੈਲਾਨੀ ਪਹੁੰਚੇ। ਇਸ ਦੌਰਾਨ 17,425 ਭਾਰਤੀ ਸੈਲਾਨੀ ਨੇਪਾਲ ਆਏ ਜੋ ਸਾਲਾਨਾ ਆਧਾਰ ’ਤੇ 12 ਫੀਸਦੀ ਵੱਧ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।
ਨੇਪਾਲ ਟੂਰਿਜ਼ਮ ਬੋਰਡ (ਐੱਨ. ਟੀ. ਬੀ.) ਅਨੁਸਾਰ, ਸਤੰਬਰ ’ਚ ਕੁੱਲ 88,248 ਵਿਦੇਸ਼ੀ ਸੈਲਾਨੀ ਨੇਪਾਲ ਪਹੁੰਚੇ। ਅਗਸਤ ਦੇ ਮੁਕਾਬਲੇ ਵੀ ਸੈਲਾਨੀਆਂ ਦੀ ਗਿਣਤੀ ਵਧੀ ਹੈ। ਅਗਸਤ ’ਚ ਹਿਮਾਲਿਆਈ ਦੇਸ਼ ’ਚ 85,444 ਵਿਦੇਸ਼ੀ ਸੈਲਾਨੀ ਪਹੁੰਚੇ ਸਨ। ਉਸ ਦੌਰਾਨ ਮੁੱਖ ਤੌਰ ’ਤੇ ਮੱਧ ਨੇਪਾਲ ’ਚ ਭੋਟੇਕੋਸ਼ੀ ਨਦੀ ’ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਬਾਅਦ ਸੈਰ-ਸਪਾਟਾ ਸੀਜ਼ਨ ਨੂੰ ਲੈ ਕੇ ਚਿੰਤਾ ਵਧ ਗਈ ਸੀ। ਪ੍ਰਭਾਵਿਤ ਖੇਤਰਾਂ ’ਚ ਵਿਦੇਸ਼ੀ ਨਾਗਰਿਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਅਤੇ ਕੁਝ ਦੇਸ਼ਾਂ ਵੱਲੋਂ ਜਾਰੀ ਯਾਤਰਾ ਸਲਾਹਾਂ ਕਾਰਨ ਇਹ ਚਿੰਤਾ ਹੋਰ ਵਧੀ ਸੀ।

ਐੱਨ. ਟੀ. ਬੀ. ਦੇ ਅੰਕੜਿਆਂ ਅਨੁਸਾਰ, 2026 ਦੇ ਪਹਿਲੇ 9 ਮਹੀਨਿਆਂ ’ਚ ਨੇਪਾਲ ’ਚ ਕੁੱਲ 8,65,920 ਵਿਦੇਸ਼ੀ ਸੈਲਾਨੀ ਪਹੁੰਚੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 8,15,273 ਸੈਲਾਨੀਆਂ ਦੇ ਮੁਕਾਬਲੇ 6 ਫੀਸਦੀ ਵੱਧ ਹੈ। ਇਹ ਸੈਲਾਨੀ ਹਵਾਈ ਮਾਰਗ ਤੋਂ ਨੇਪਾਲ ਪਹੁੰਚੇ ਸਨ। ਬੋਰਡ ਅਨੁਸਾਰ, ਚੀਨ 11,212 ਸੈਲਾਨੀਆਂ ਦੇ ਨਾਲ ਦੂਜੇ ਸਥਾਨ ’ਤੇ ਰਿਹਾ। ਇਨ੍ਹਾਂ ਦੀ ਕੁੱਲ ਸੈਲਾਨੀ ਆਮਦ ’ਚ ਹਿੱਸੇਦਾਰੀ 12.71 ਫੀਸਦੀ ਸੀ। ਇਸ ਤੋਂ ਬਾਅਦ ਅਮਰੀਕਾ 8,299 ਸੈਲਾਨੀਆਂ ਦੇ ਨਾਲ ਤੀਜੇ ਸਥਾਨ ’ਤੇ ਰਿਹਾ, ਜਿਸ ਦੀ ਹਿੱਸੇਦਾਰੀ 9.4 ਫੀਸਦੀ ਸੀ। ਸ਼੍ਰੀਲੰਕਾ 7,108 ਸੈਲਾਨੀਆਂ ਦੇ ਨਾਲ ਚੌਥੇ ਸਥਾਨ ’ਤੇ ਰਿਹਾ ਅਤੇ ਉਸ ਦੀ ਹਿੱਸੇਦਾਰੀ 8.05 ਫੀਸਦੀ ਸੀ, ਜਦਕਿ ਆਸਟ੍ਰੇਲੀਆ 4,842 ਸੈਲਾਨੀਆਂ ਦੇ ਨਾਲ 5ਵੇਂ ਸਥਾਨ ’ਤੇ ਰਿਹਾ। ਉਸ ਦੀ ਹਿੱਸੇਦਾਰੀ 5.48 ਫੀਸਦੀ ਰਹੀ। ਇਸ ਦਰਮਿਆਨ, ਨੇਪਾਲ ਅਤੇ ਭਾਰਤ ਦੇ ਸੈਰ-ਸਪਾਟਾ ਖੇਤਰ ਨਾਲ ਜੁੜੇ ਹਿੱਸੇਦਾਰਾਂ ਨੇ ਲੁੰਬੀਨੀ, ਭਗਵਾਨ ਬੁੱਧ ਦੇ ਜਨਮ ਅਸਥਾਨ, ਨੂੰ ਭਾਰਤ ਦੇ ਪੂਰਬ-ਉੱਤਰ ਸੂਬਿਆਂ ਨਾਲ ਜੋੜਦੇ ਹੋਏ ਵਿਆਪਕ ਬੋਧੀ ਅਤੇ ਸੱਭਿਆਚਾਰਕ ਸੈਰ-ਸਪਾਟਾ ਸਰਕਟ ਵਿਕਸਤ ਕਰਨ ਦੀ ਪਹਿਲ ਕੀਤੀ ਹੈ।


author

Shubam Kumar

Content Editor

Related News