ਸਰਕਾਰ ''ਚ ਔਰਤਾਂ ਦੀ ਭਾਈਵਾਲੀ ਨਾਲ ਘੱਟ ਹੋ ਸਕਦੈ ਭ੍ਰਿਸ਼ਟਾਚਾਰ : ਅਧਿਐਨ
Sunday, Jun 17, 2018 - 12:56 PM (IST)

ਵਾਸ਼ਿੰਗਟਨ— ਦੁਨੀਆ ਦੇ 125 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਜਨ ਪ੍ਰਤੀਨਿਧੀਆਂ ਦੇ ਤੌਰ 'ਤੇ ਔਰਤਾਂ ਦੀ ਵਧ ਭਾਈਵਾਲੀ ਹੁੰਦੀ ਹੈ, ਉੱਥੇ ਭ੍ਰਿਸ਼ਟਾਚਾਰ ਘੱਟ ਹੁੰਦਾ ਹੈ। 'ਜਨਰਲ ਆਫ ਇਕਨਾਮਿਕ ਬਿਹੇਵੀਅਰ ਐਂਡ ਆਰਗੇਨਾਈਜੇਸ਼ਨ' ਵਿਚ ਪ੍ਰਕਾਸ਼ਤ ਇਸ ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਥਾਨਕ ਰਾਜਨੀਤੀ ਵਿਚ ਵੀ ਔਰਤਾਂ ਦੀ ਭਾਈਵਾਲੀ ਮਹੱਤਵਪੂਰਨ ਹੈ। ਯੂਰਪ ਵਿਚ ਜਿਨ੍ਹਾਂ ਥਾਵਾਂ 'ਤੇ ਸਥਾਨਕ ਰਾਜਨੀਤੀ 'ਚ ਔਰਤਾਂ ਦੀ ਗਿਣਤੀ ਵਧ ਹੈ, ਉੱਥੇ ਰਿਸ਼ਵਤਖੋਰੀ ਦੀ ਦਰ ਬਹੁਤ ਘੱਟ ਹੈ।
ਅਮਰੀਕਾ ਦੇ ਵਰਜੀਨੀਆ ਟੇਕ ਵਿਚ ਅਰਥ ਸ਼ਾਸਤਰ ਦੀ ਪ੍ਰੋਫੈਸਰ ਸੁਦੀਪਤਾ ਸਾਰੰਗੀ ਨੇ ਦੱਸਿਆ ਕਿ ਇਹ ਅਧਿਐਨ ਮਹਿਲਾ ਮਜ਼ਬੂਤੀਕਰਨ, ਲੀਡਰਸ਼ਿਪ ਦੀ ਭੂਮਿਕਾ ਵਿਚ ਉਨ੍ਹਾਂ ਦੀ ਮੌਜੂਦਗੀ ਅਤੇ ਸਰਕਾਰ 'ਚ ਉਨ੍ਹਾਂ ਦੀ ਨੁਮਾਇੰਦਗੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਅਧਿਐਨ ਕਰਨ ਵਾਲਿਆਂ 'ਚੋਂ ਇਕ ਅਮਰੀਕਾ ਦੇ ਲੀ ਮੋਯਨੇ ਕਾਲਜ ਦੇ ਚੰਦਨ ਝਾਅ ਸਮੇਤ ਸ਼ੋਧਕਰਤਾਵਾਂ ਦਾ ਅਨੁਮਾਨ ਹੈ ਕਿ ਔਰਤਾਂ ਨੀਤੀ ਨਿਰਮਾਤਾ ਭ੍ਰਿਸ਼ਟਾਚਾਰ 'ਤੇ ਇਸ ਲਈ ਪ੍ਰਭਾਵ ਪਾਉਂਦੀਆਂ ਹਨ, ਕਿਉਂਕਿ ਉਨ੍ਹਾਂ ਦੀਆਂ ਨੀਤੀਆਂ ਪੁਰਸ਼ਾਂ ਤੋਂ ਵੱਖ ਹੁੰਦੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮਹਿਲਾ ਨੇਤਾ ਅਜਿਹੀਆਂ ਨੀਤੀਆਂ ਚੁਣਦੀਆਂ ਹਨ, ਜੋ ਔਰਤਾਂ, ਬੱਚਿਆਂ ਅਤੇ ਪਰਿਵਾਰ ਦੇ ਕਲਿਆਣ ਨਾਲ ਜ਼ਿਆਦਾ ਨੇੜੇ ਤੋਂ ਜੁੜੀਆਂ ਹੁੰਦੀਆਂ ਹਨ।