ਅਜੀਬ ਮਾਮਲਾ : ਔਰਤ ਨੇ ਤੋਤੇ ਦੀ ਕੀਤੀ ਹੱਤਿਆ, ਅਦਾਲਤ ਨੇ ਸੁਣਾਈ ਜੇਲ ਦੀ ਸਜ਼ਾ

08/01/2018 6:17:16 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਵਲੋਂ ਤੋਤੇ ਦੀ ਹੱਤਿਆ ਕਰਨ ਦੇ ਦੋਸ਼ 'ਚ ਅਦਾਲਤ ਨੇ 4 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾ ਦਿੱਤੀ। ਵੀਅਤਨਾਮ ਮੂਲ ਦੀ 38 ਸਾਲਾ ਔਰਤ ਤਰਾਨ ਥੀ ਥੁਈ ਹੈਂਗ ਦੇ ਸੱਜੀ ਗੱਲ੍ਹ 'ਤੇ ਉਸ ਦੀ ਮਤੇਰਈ ਧੀ ਵਲੋਂ ਰੱਖੇ ਤੋਤੇ 'ਲੱਕੀ' ਨੇ ਪਿਛਲੇ ਸਾਲ 27 ਅਕਤੂਬਰ ਨੂੰ ਵੱਢ ਲਿਆ ਸੀ। ਜਿਸ ਕਾਰਨ ਗੁੱਸੇ 'ਚ ਆਈ ਹੈਂਗ ਨੇ ਪਿੰਜਰੇ ਵਿਚ ਹੀ ਤੋਤੇ ਨੂੰ ਮਾਰ ਦਿੱਤਾ ਸੀ। ਸਥਾਈ ਰੂਪ ਨਾਲ ਇੱਥੇ ਰਹਿਣ ਵਾਲੀ ਹੈਂਗ ਨੇ ਤੋਤੇ ਵਲੋਂ ਵੱਢੇ ਜਾਣ 'ਤੇ ਤੁਰੰਤ ਆਪਣੇ ਪਤੀ ਯੂ ਚੀ ਮੇਂਗ ਨੂੰ ਸ਼ਿਕਾਇਤ ਕੀਤੀ ਅਤੇ ਉਸ ਨੂੰ ਘਰ ਤੋਂ ਬਾਹਰ ਕੱਢਣ ਨੂੰ ਕਿਹਾ।
ਖਬਰਾਂ ਮੁਤਾਬਕ ਜਿਸ ਸਮੇਂ ਤੋਤੇ ਨੇ ਹੈਂਗ ਨੂੰ ਵੱਢਿਆ, ਉਸ ਸਮੇਂ ਉਹ ਉਸ ਦੀ ਮਤਰੇਈ ਧੀ ਯੂ ਮੇਅ ਲਿੰਗ ਦੇ ਮੋਢੇ 'ਤੇ ਬੈਠਾ ਸੀ। ਹੈਂਗ ਉਸ 'ਦੇ ਪਿੱਛੇ ਗਈ, ਇਸ ਦੌਰਾਨ ਤੋਤਾ ਲੱਕੀ ਉਸ ਵੱਲ ਉੱਡਿਆ ਅਤੇ ਉਸ ਨੇ ਉਸ ਦੀ ਸੱਜੀ ਗੱਲ੍ਹ 'ਤੇ ਵੱਢ ਲਿਆ। ਵਕੀਲ, ਖੇਤੀ ਖੁਰਾਕ ਅਤੇ ਇਕ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ, ''ਗੁੱਸੇ ਵਿਚ ਹੈਂਗ ਨੇ ਤੋਤੇ ਲੱਕੀ ਨੂੰ ਮਾਰ ਦਿੱਤਾ। 
ਤੋਤੇ ਨੂੰ ਜਿਸ ਸਮੇਂ ਮਾਰਿਆ ਗਿਆ, ਉਸ ਦੌਰਾਨ ਹੈਂਗ ਦਾ ਪਤੀ ਅਤੇ ਮਤਰੇਈ ਧੀ ਬਾਹਰ ਨਾਸ਼ਤੇ ਲਈ ਬਾਹਰ ਗਏ ਸਨ। ਹੈਂਗ ਨੇ ਗੁੱਸੇ 'ਚ ਆ ਕੇ ਤੋਤੇ ਲੱਕੀ ਦਾ ਪਿੰਜਰਾ ਖੋਲ੍ਹਿਆ ਅਤੇ ਉਸ ਨੂੰ ਉਦੋਂ ਤਕ ਕੁੱਟਦੀ ਰਹੀ, ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਨਾਸ਼ਤੇ ਮਗਰੋਂ ਜਦੋਂ ਦੋਵੇਂ ਪਿਓ-ਧੀ ਘਰ ਆਏ ਤਾਂ ਤੋਤੇ ਨੂੰ ਮ੍ਰਿਤਕ ਦੇਖਿਆ। ਇਸ ਤੋਂ ਬਾਅਦ ਤੋਤੇ ਲੱਕੀ ਦੀ ਲਾਸ਼ ਅਤੇ ਪਿੰਜਰਾ ਦੋਵੇਂ ਹੀ ਬਾਹਰ ਸੁੱਟ ਦਿੱਤੇ। ਇਸ ਮਾਮਲੇ ਵਿਚ ਸਜ਼ਾ ਸੁਣਾਉਂਦੇ ਹੋਏ ਜੱਜ ਐਡਮ ਨਖੋਦਾ ਨੇ ਕਿਹਾ ਕਿ ਹੈਂਗ ਨੇ ਜਾਣਬੁੱਝ ਕੇ ਇਹ ਬੇਰਹਿਮੀ ਭਰਿਆ ਕੰਮ ਕੀਤਾ ਸੀ, ਜਿਸ ਕਾਰਨ ਉਸ ਨੂੰ ਇਹ ਸਜ਼ਾ ਸੁਣਾਈ ਗਈ। ਹੈਂਗ ਨੇ ਪਿਛਲੇ ਮਹੀਨੇ ਲੱਕੀ ਦੀ ਹੱਤਿਆ ਦੇ ਮਾਮਲੇ ਵਿਚ ਆਪਣੀ ਗਲਤੀ ਸਵੀਕਾਰ ਕੀਤੀ ਸੀ।


Related News