ਟੋਰਾਂਟੋ: ਇਸਲਾਮਿਕ ਸਟੇਟ ਨਾਲ ਜੁੜੀ ਬੀਬੀ ਹਲੀਮਾ ਮੁਸਤਫਾ ਗ੍ਰਿਫਤਾਰ
Thursday, Aug 27, 2020 - 12:28 PM (IST)
ਟੋਰਾਂਟੋ- ਕੈਨੇਡੀਅਨ ਸ਼ਹਿਰ ਟੋਰਾਂਟੋ ਵਿਚ ਰਹਿਣ ਵਾਲੀ ਬੀਬੀ ਹਲੀਮਾ ਮੁਸਤਫਾ ਨੂੰ ਪੁਲਸ ਨੇ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਹੈ। ਹਲੀਮਾ ਮੁਸਤਫਾ ਨੂੰ ਓਂਟਾਰੀਓ ਦੇ ਮਾਰਕੈਮ ਵਿਚ ਬੁੱਧਵਾਰ ਦੁਪਹਿਰ ਹਿਰਾਸਤ ਵਿਚ ਲਿਆ ਗਿਆ। ਉਸ 'ਤੇ ਅੱਤਵਾਦ ਨਾਲ ਸਬੰਧਤ ਦੋ ਅਪਰਾਧਾਂ ਦਾ ਦੋਸ਼ ਲੱਗਾ ਹੈ। ਉਹ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ। ਉਹ ਅਤੇ ਉਸ ਦਾ ਪਤੀ ਜੂਨ 2019 ਵਿਚ ਕੈਨੇਡਾ ਛੱਡ ਕੇ ਤੁਰਕੀ ਚਲੇ ਗਏ ਸਨ, ਜਿੱਥੋਂ ਉਨ੍ਹਾਂ ਨੂੰ ਫੜ ਲਿਆ ਗਿਆ ਸੀ।
ਸਥਾਨਕ ਪੁਲਸ ਦੀ ਜਾਣਕਾਰੀ ਮੁਤਾਬਕ ਦਸੰਬਰ 2019 ਵਿਚ ਮੁਸਤਫਾ ਦਾ ਪਤੀ ਇਕਾਰ ਮਾਓ ਵੀ ਅੱਤਵਾਦ ਨਾਲ ਜੁੜੇ ਦੋ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ ਤੇ ਜ਼ਮਾਨਤ ਨਾ ਮਿਲਣ ਕਾਰਨ ਜੇਲ੍ਹ ਦੀ ਹਵਾ ਖਾ ਚੁੱਕਾ ਹੈ। ਉਨ੍ਹਾਂ ਨੂੰ ਸੀਰੀਆ ਦੀ ਸਰਹੱਦ ਨੇੜਿਓਂ ਫੜ ਲਿਆ ਗਿਆ ਸੀ ਕਿਉਂਕਿ ਸ਼ੱਕ ਸੀ ਕਿ ਉਹ ਸੀਰੀਆ ਵਿਚ ਆਈ. ਐੱਸ. ਆਈ. ਐੱਸ. ਨਾਲ ਸ਼ਾਮਲ ਹੋਣ ਜਾ ਰਹੇ ਹਨ।
ਇਕ ਲੇਖਿਕਾ ਜੈਸਿਕਾ ਡੈਵਿਸ ਨੇ ਹਾਲ ਹੀ ਵਿਚ ਇਕ ਕਿਤਾਬ 'ਵੂਮਨ ਇਨ ਮਾਡਰਨ ਟੈਰੇਰਿਜ਼ਮ : ਫਰਾਮ ਲਿਬਰੇਸ਼ਨ ਵਾਰਜ਼ ਟੂ ਗਲੋਬਲ ਜਿਹਾਦ ਐਂਡ ਇਸਲਾਮਕ ਸਟੇਟ' ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਸੰਗਠਨਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੀਆਂ ਹਨ।
ਇਸੇ ਤਰ੍ਹਾਂ ਦੇ ਮਾਮਲੇ ਵਿਚ 2013 ਵਿਚ ਕੈਨੇਡੀਅਨ ਅਧਿਕਾਰੀਆਂ ਨੇ ਤਿੰਨ ਔਰਤਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਮਿਲੇ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਸੀ।
ਕੈਨੇਡੀਅਨ ਸਕਿਓਰਟੀ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਲੋਕਾਂ ਨੇ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਲਈ ਕੈਨੇਡਾ ਛੱਡਿਆ, ਉਨ੍ਹਾਂ ਵਿਚੋਂ 20 ਫੀਸਦੀ ਔਰਤਾਂ ਹੀ ਸਨ ਅਤੇ ਇਨ੍ਹਾਂ ਵਿਚੋਂ ਕਈ ਤਾਂ ਆਪਣਿਆਂ ਬੱਚਿਆਂ ਨੂੰ ਵੀ ਨਾਲ ਲੈ ਗਈਆਂ।