ਯੂਰਪ ''ਚ ਅੱਜ ਤੋਂ ਸਰਦੀਆਂ ਦਾ ਸਮਾਂ ਹੋਵੇਗਾ ਤਬਦੀਲ, ਭਾਰਤ ਨਾਲੋਂ ਪਵੇਗਾ ਸਾਢੇ 4 ਘੰਟੇ ਦਾ ਫ਼ਰਕ

10/30/2022 2:10:50 AM

ਰੋਮ (ਦਲਵੀਰ ਕੈਂਥ) : ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੀਆਂ ਗਰਮੀਆਂ ਤੇ ਸਰਦੀਆਂ ਦਾ ਸਮਾਂ ਸਾਲ 2001 ਤੋਂ ਇਕਸਾਰ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇਕ ਘੰਟਾ ਅੱਗੇ ਆ ਜਾਂਦਾ ਹੈ। ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਨੂੰ ਰਾਤ 2 ਵਜੇ ਯੂਰਪ ਦੀਆਂ ਤਮਾਮ ਘੜੀਆਂ ਇਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਰਾਤ ਨੂੰ 2 ਵੱਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਅਤੇ ਇਹ ਟਾਈਮ ਇਸੇ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਤੱਕ ਚੱਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਇਸੇ ਤਰ੍ਹਾਂ ਹੁਣ ਜਦੋਂ 29-30 ਅਕਤੂਬਰ ਦੀ ਰਾਤ 3 ਵੱਜੇ ਹੋਣਗੇ ਤਾਂ ਉਸ ਨੂੰ ਰਾਤ ਦੇ 2 ਵੱਜੇ ਸਮਝਿਆ ਜਾਵੇਗਾ ਅਤੇ ਯੂਰਪ ਦੀਆਂ ਤਮਾਮ ਘੜੀਆਂ ਇਕ ਘੰਟੇ ਲਈ ਪਿੱਛੇ ਕਰ ਲਈਆਂ ਜਾਣਗੀਆਂ। ਜਿਹੜੀਆਂ ਘੜੀਆਂ ਤਾਂ ਕੰਪਿਊਟਰਰਾਈਜ਼ਡ ਹਨ ਉਹ ਤਾਂ ਆਪਣੇ-ਆਪ ਸਾਲ 'ਚ 2 ਵਾਰ ਇਕ ਘੰਟੇ ਲਈ ਕਦੇ ਅੱਗੇ ਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਘੜੀਆਂ ਕੰਪਿਊਟਰਰਾਈਜ਼ਡ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ। ਜੇਕਰ ਗੱਲ ਕਰੀਏ ਇੰਡੀਆ ਨਾਲ ਸਮੇਂ ਦੇ ਬਦਲਾਅ ਦੀ ਤਾਂ ਜਿੱਥੇ ਪਹਿਲਾਂ ਇਹ ਫ਼ਰਕ 3:30 ਘੰਟੇ ਦਾ ਸੀ, ਅੱਜ ਤੋਂ 4:30 ਘੰਟੇ ਦਾ ਹੋ ਜਾਵੇਗਾ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਤੇ ਵੋਟਰਾਂ ਦਾ ਮੇਲ-ਜੋਲ ਸਮਾਗਮ ਰਿਹਾ ਕਾਮਯਾਬ

ਜ਼ਿਕਰਯੋਗ ਹੈ ਕਿ ਯੂਰਪ ਦਾ ਇਹ ਸਮਾਂ ਬਦਲਣ ਦੀ ਪ੍ਰਕਿਰਿਆ ਸਾਲ 2001 ਤੋਂ ਚੱਲੀ ਆ ਰਹੀ ਹੈ। ਬੇਸ਼ੱਕ ਸਮੇਂ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੇ ਹਨ, ਜਿਸ ਦੇ ਮੱਦੇਨਜ਼ਰ ਯੂਰਪ ਪਾਰਲੀਮੈਂਟ ਵਿੱਚ ਸਮਾਂ ਬਦਲਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਮਤਾ ਪਾਸ ਵੀ ਹੋ ਚੁੱਕਾ ਹੈ, ਜਿਸ ਨੂੰ ਸਾਲ 2021 ਤੋਂ ਲਾਗੂ ਕਰਨਾ ਸੀ ਪਰ ਹੁਣ ਤੱਕ ਇਹ ਫੈਸਲਾ ਲਾਗੂ ਨਹੀਂ ਹੋ ਸਕਿਆ। ਯੂਰਪੀਅਨ ਯੂਨੀਅਨ ਵੱਲੋਂ ਸਮਾਂ ਬਦਲਣ ਦੀ ਪ੍ਰਕਿਰਿਆ ਦਾ ਮੁੱਖ ਮੰਤਵ ਯੂਰਪੀ ਦੇਸ਼ਾਂ ਵਿੱਚ ਅੰਦਰੂਨੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨਾ ਅਤੇ ਊਰਜਾ ਦੀ ਲਾਗਤ ਨੂੰ ਘਟਾਉਣਾ ਸੀ ਪਰ ਇਸ ਬਦਲਾਅ ਨਾਲ ਲੋਕਾਂ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News