ਕੈਨੇਡਾ: ਮੈਨੀਟੋਬਾ ''ਚ ਬਰਫਬਾਰੀ ਕਾਰਨ ਕਈ ਸਕੂਲ ਬੰਦ

01/07/2019 2:01:11 PM

ਮੈਨੀਟੋਬਾ (ਏਜੰਸੀ)— ਕੈਨੇਡਾ ਦੇ ਸੂਬੇ ਮੈਨੀਟੋਬਾ 'ਚ ਬਰਫਬਾਰੀ ਹੋਣ ਕਾਰਨ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੋਮਵਾਰ ਸਵੇਰੇ ਅਧਿਕਾਰੀਆਂ ਨੇ ਦੱਸਿਆ ਕਿ ਰੋਲਿੰਗ ਰਿਵਰ ਸਕੂਲ ਡਿਵੀਜ਼ਨ ਵਲੋਂ ਇਲਾਕੇ ਦੇ ਸਾਰੇ ਸਕੂਲਾਂ ਨੂੰ ਬੰਦ ਕੀਤਾ ਗਿਆ। ਇਸ ਸਬੰਧੀ ਐਤਵਾਰ ਰਾਤ ਨੂੰ ਹੀ ਟਵੀਟ ਕਰ ਦਿੱਤਾ ਗਿਆ ਸੀ। 

ਬਿਊਟੀਫੁਲ ਪਲੇਨਜ਼ ਸਕੂਲ ਡਿਵੀਜ਼ਨ ਨੇ ਵੀ ਟਵੀਟ ਕਰਕੇ ਦੱਸਿਆ ਕਿ ਸੋਮਵਾਰ ਨੂੰ ਸਕੂਲ ਬੱਸਾਂ ਨਹੀਂ ਜਾ ਰਹੀਆਂ ਅਤੇ ਬਰੂਕਡੇਲ ਐਲੀਮੈਂਟਰੀ ਸਕੂਲ, ਜੇ. ਐੱਮ. ਯੰਗ ਸਕੂਲ ਅਤੇ ਡਿਵੀਜ਼ਨ 'ਚ ਪੈਣ ਵਾਲੇ ਹੋਰ ਵੀ ਕਈ ਸਕੂਲ ਬੰਦ ਕੀਤੇ ਗਏ ਹਨ। ਖਰਾਬ ਮੌਸਮ ਕਾਰਨ ਆਲ ਸਿਓਕਸ ਵੈਲੀ ਸਕੂਲ ਵੀ ਸੋਮਵਾਰ ਨੂੰ ਬੰਦ ਹਨ।
ਵਾਤਾਵਰਣ ਕੈਨੇਡਾ ਨੇ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਸੀ ਕਿ ਵਿਨੀਪੈਗ ਅਤੇ ਦੱਖਣ-ਪੂਰਬੀ ਮੈਨੀਟੋਬਾ 'ਚ ਮੌਸਮ ਖਰਾਬ ਰਹੇਗਾ।
ਰਾਸ਼ਟਰੀ ਵਾਤਾਵਰਣ ਸਰਵਿਸ ਵਲੋਂ ਜਾਣਕਾਰੀ ਦਿੱਤੀ ਗਈ ਕਿ ਸੋਮਵਾਰ ਸਵੇਰ ਨੂੰ 10 ਤੋਂ 15 ਸੈਂਟੀਮੀਟਰ ਤਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਇਲਾਕੇ 'ਚ 5 ਤੋਂ 10 ਸੈਂਟੀਮੀਟਰ ਤਕ ਬਰਫਬਾਰੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇੱਥੇ ਐਤਵਾਰ ਸ਼ਾਮ ਸਮੇਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵਗਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਸੀ। ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।


Related News