ਕੈਨੇਡਾ ''ਚ ਬਰਫੀਲੇ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ

01/22/2019 2:32:23 PM

ਓਟਾਵਾ(ਏਜੰਸੀ)— ਪੂਰਬੀ ਅਤੇ ਸੈਂਟਰਲ ਕੈਨੇਡਾ 'ਚ ਬਰਫੀਲੇ ਤੂਫਾਨ ਕਾਰਨ ਕਈ ਸਕੂਲ ਬੰਦ ਰਹੇ ਅਤੇ ਬਰਫ ਨਾਲ ਲੱਦੀਆਂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ। ਬਹੁਤ ਸਾਰੇ ਵਾਹਨ ਸੜਕਾਂ 'ਤੇ ਹੀ ਫਸ ਗਏ ਅਤੇ ਐਮਰਜੈਂਸੀ ਅਧਿਕਾਰੀਆਂ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਐਤਵਾਰ ਤੋਂ ਪਹਿਲਾਂ ਹੀ ਮੌਸਮ ਸਬੰਧੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ। ਸੋਮਵਾਰ ਨੂੰ ਨਿਊ ਬਰਨਜ਼ਵਿਕ 'ਚ ਵਧੇਰੇ ਸਕੂਲ ਬੰਦ ਹੀ ਰਹੇ। ਬਰਫੀਲੇ ਤੂਫਾਨ ਅਤੇ ਭਾਰੀ ਮੀਂਹ ਕਾਰਨ ਲੋਕ ਦਫਤਰਾਂ ਅਤੇ ਯੂਨੀਵਰਸਿਟੀਆਂ 'ਚ ਲੇਟ ਹੀ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਸੜਕਾਂ ਦੀ ਹਾਲਤ ਇੰਨੀ ਕੁ ਖਰਾਬ ਸੀ ਕਿ ਹਰ ਕੋਈ ਬਹੁਤ ਮੁਸ਼ਕਲ ਨਾਲ ਵਾਹਨ ਚਲਾ ਰਿਹਾ ਸੀ। ਟੋਰਾਂਟੋ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ ਸਮੇਤ ਕਈ ਸਕੂਲ ਬੋਰਡਾਂ ਵਲੋਂ ਬੱਸ ਸੇਵਾਵਾਂ ਨੂੰ ਇਸ ਚਿੰਤਾ 'ਚ ਰੱਦ ਕਰਨ ਦਾ ਫੈਸਲਾ ਲਿਆ ਗਿਆ ਕਿ ਜੇਕਰ ਬੱਸਾਂ ਰਸਤੇ 'ਚ ਕਿਸੇ ਕਾਰਨ ਰੁਕ ਗਈਆਂ ਤਾਂ ਬੱਚੇ ਇੱਥੇ ਲੰਬੇ ਸਮੇਂ ਤਕ ਫਸੇ ਰਹਿਣਗੇ। 

PunjabKesari

ਨੋਵਾ ਸਕੋਟੀਆ ਬਿਜਲੀ ਵਿਭਾਗ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ 1100 ਤੋਂ ਵਧੇਰੇ ਗਾਹਕਾਂ ਨੂੰ ਪ੍ਰੇਸ਼ਾਨੀ ਸਹਿਣ ਕਰਨੀ ਪਈ। ਮੌਸਮ ਅਧਿਕਾਰੀਆਂ ਵਲੋਂ ਸੂਬੇ ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਫਾਊਂਡਲੈਂਡ ਵੱਲ ਬਰਫੀਲੀਆਂ ਹਵਾਵਾਂ ਵਗਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।  ਇੱਥੋਂ ਦੇ ਕਈ ਇਲਾਕਿਆਂ 'ਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਤੇ ਕਈ ਥਾਵਾਂ 'ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦਾ ਖਦਸ਼ਾ ਹੈ। ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਲਈ ਕਿਹਾ ਗਿਆ ਹੈ। ਮਾਂਟਰੀਅਲ ਅਤੇ ਓਟਾਵਾ 'ਚ ਵੀ ਠੰਡੀਆਂ ਹਵਾਵਾਂ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਐਤਵਾਰ ਨੂੰ ਤੂਫਾਨ ਕਾਰਨ ਕੁਝ ਉਡਾਣਾਂ ਰੱਦ ਰਹੀਆਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਊਬਿਕ ਦੀਆਂ ਸੜਕਾਂ 'ਤੇ ਵੀ ਖਰਾਬ ਮੌਸਮ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਕੁਲ ਮਿਲਾ ਕੇ ਕੈਨੇਡਾ ਦੇ ਬਹੁਤ ਸਾਰੇ ਸ਼ਹਿਰ ਇਸ ਸਮੇਂ  ਤੇਜ਼ ਹਵਾਵਾਂ ਅਤੇ ਮੀਂਹ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।


Related News