ਵਿਲੀਅਮ ਲੇਕ ਦੇ ਬਜ਼ੁਰਗਾਂ ਨੇ ਮਨਾਈ ਪਿਕਨਿਕ ਤੇ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ

Monday, Jul 15, 2024 - 11:09 AM (IST)

ਵਿਲੀਅਮ ਲੇਕ ਦੇ ਬਜ਼ੁਰਗਾਂ ਨੇ ਮਨਾਈ ਪਿਕਨਿਕ ਤੇ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ

ਵੈਨਕੂਵਰ (ਮਲਕੀਤ ਸਿੰਘ) - ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ’ਚ ਸਥਿਤ ਵਿਲੀਅਮ ਲੇਕ ਸ਼ਹਿਰ 'ਚ ਬਜ਼ੁਰਗਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ‘ਸਾਲਾਨਾ ਪਿਕਨਿਕ’ ਮਨਾਈ ਗਈ।  ਜ਼ਿਕਰਯੋਗ ਹੈ ਕਿ ਇਲਾਕੇ ਨਾਲ ਸਬੰਧਿਤ ਕੁਝ ਬਜ਼ੁਰਗਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਹਰ ਸਾਲ ਸਰੀ ਦੀ 88 ਐਵੀਨਿਊ ’ਤੇ ਸਥਿਤ ਬੇਅਰ ਕਰੀਕ ਪਾਰਕ ’ਚ ‘ਸਾਲਾਨਾ ਪਿਕਨਿਕ’ ਮਨਾਈ ਜਾਂਦੀ ਹੈ। ਰਜਿੰਦਰ ਸਿੰਘ ਪਰਮਾਰ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਤੋਂ ਤਕਰੀਬਨ ਪੰਜ ਦਹਾਕੇ ਪਹਿਲਾਂ ਭਾਰਤ ਤੋਂ ਆਏ ਕੁਝ ਪੰਜਾਬੀ ਪਰਿਵਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਪਹਾੜਾਂ ਦੀ ਗੋਦ ’ਚ ਵੱਸਦੇ ਵਿਲੀਅਮ ਲੇਕ ਸ਼ਹਿਰ ’ਚ ਮੌਜ਼ੂਦ ਲੱਕੜ ਮਿਲਾਂ ’ਚ ਕੰਮ ਕਰਨ ਲਈ ਆਪਣੇ ਪਰਿਵਾਰ ਸਮੇਤ ਵੱਸ ਗਏ ਸਨ।

PunjabKesari

ਉੱਥੋਂ ਦੇ ਬਰਫ਼ੀਲੇ ਮੌਸਮ ’ਚ ਕੜਾਕੇ ਦੀ ਠੰਡ ’ਚ ਕਈ ਦਹਾਕੇ ਸਖ਼ਤ ਮਿਹਨਤ ਕਰਨ ਮਗਰੋਂ ਨੋਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਬਹੁਗਿਣਤੀ ਪਰਿਵਾਰ ਆਪਣੇ ਬੱਚਿਆਂ ਦੀ ਉਚੇਰੀ ਪੜ੍ਹਾਈ ਅਤੇ ਕੁਝ ਹੋਰ ਘਰੇਲੂ ਕਾਰਨਾਂ ਕਰਕੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ’ਚ ਆ ਵੱਸੇ। ਪ੍ਰੰਤੂ ਸਰੀ ’ਚ ਰਹਿੰਦਿਆਂ ਵੀ ਉਨ੍ਹਾਂ ਨੇ ਵਿਲੀਅਮ ਲੇਕ ਵਾਲੀ ਆਪਸੀ ਸਾਂਝ ਬਰਕਰਾਰ ਰੱਖਣ ਦੇ ਮੰਤਵ ਵਜੋਂ ਸਰੀ ’ਚ ਹਰ ਸਾਲ ਸਾਂਝੇ ਉਦਮ ਸਦਕਾ ਪਿਕਨਿਕ ਮਨਾਏ ਜਾਣ ਦਾ ਫ਼ੈਸਲਾ ਕੀਤਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਹੁਣ ਤੀਕ ਨਿਰੰਤਰ ਜਾਰੀ ਹੈ।

ਇਸ ਮੌਕੇ ’ਤੇ ਮੌਜ਼ੂਦ ਦਰਸ਼ਨ ਸਿੰਘ ਢੇਰੜੀ ਨੇ ਦੱਸਿਆ ਕਿ ਵਿਲੀਅਮ ਲੇਕ ਨਾਲ ਸਬੰਧਿਤ ਸਰੀ ’ਚ ਰਹਿੰਦੇ 140 ਦੇ ਲਗਭਗ ਪਰਿਵਾਰ ਅੱਜ ਵੀ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਲਈ ਇਸ ਪਿਕਨਿਕ ’ਚ ਸ਼ਾਮਿਲ ਹੁੰਦੇ ਹਨ। ਇਸ ਮੌਕੇ ’ਤੇ ਅਮਰਜੀਤ ਸੰਘੇੜਾ, ਸਰੂਪ ਸਿੰਘ ਧਾਮੀ, ਗੁਰਬਚਨ ਸਿੰਘ ਧਾਲੀਵਾਲ, ਮੋਹਨ ਸਿੰਘ ਸੰਧੂ, ਸੁਰਜੀਤ ਕੌਰ ਧਾਲੀਵਾਲ, ਜਸਪਾਲ ਕੌਰ ਗਰੇਵਾਲ, ਤੇਜ ਕੌਰ ਵਿਰਕ, ਜਸਵੀਰ ਢੇਰੜੀ, ਰਣਜੀਤ ਕੌਰ ਧਾਲੀਵਾਲ ਅਤੇ ਮਿਸਜ਼ ਧਾਮੀ ਵੀ ਹਾਜ਼ਰ ਸਨ। ਅੱਜ ਦੀ ਇਸ ਪਿਕਨਿਕ ਦੌਰਾਨ ਜਿੱਥੇ ਕਿ ਉਕਤ ਬਜ਼ੁਰਗਾਂ ਵੱਲੋਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਉਥੇ ਕੇਕ ਕੱਟਣ ਦੀ ਰਵਾਇਤੀ ਰਸਮ ਵੀ ਨਿਭਾਈ ਗਈ। ਇਸ ਮੌਕੇ ’ਤੇ ਸਾਂਝੇ ਤੌਰ ’ਤੇ ਤਿਆਰ ਕੀਤੇ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਆਨੰਦ ਮਾਣਿਆ। 
 


author

Harinder Kaur

Content Editor

Related News