ਜੇ ਰਾਸ਼ਟਰਪਤੀ ਚੁਣਿਆ ਗਿਆ ਤਾਂ ਖਤਰਿਆਂ ਨਾਲ ਨਜਿੱਠਣ ਲਈ ਭਾਰਤ ਨਾਲ ਖੜ੍ਹਾਂਗਾ : ਬਿਡੇਨ
Sunday, Aug 16, 2020 - 09:33 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਭਾਰਤ ਸਾਹਮਣੇ ਮੌਜੂਦ ਖਤਰਿਆਂ ਨਾਲ ਨਜਿੱਠਣ ਵਿਚ ਉਸ ਦੇ ਨਾਲ ਖੜ੍ਹਾ ਰਹੇਗਾ। ਬਿਡੇਨ ਨੇ ਭਾਰਤ ਤੇ ਅਮਰੀਕਾ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ। ਓਬਾਮਾ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਰਹੇ ਬਿਡੇਨ ਨੇ ਭਾਰਤ ਦੇ ਆਜ਼ਾਦੀ ਦਿਹਾੜੇ 'ਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਮੈਂ 15 ਸਾਲ ਪਹਿਲਾਂ ਭਾਰਤ ਨਾਲ ਇਤਿਹਾਸਕ ਗੈਰ-ਫੌਜੀ ਪ੍ਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਸੀ।
ਮੈਂ ਕਿਹਾ ਕਿ ਜੇਕਰ ਭਾਰਤ ਅਤੇ ਅਮਰੀਕਾ ਨੇੜਲੇ ਮਿੱਤਰ ਅਤੇ ਸਹਿਯੋਗੀ ਬਣਦੇ ਹਨ ਤਾਂ ਦੁਨੀਆ ਵਧੇਰੇ ਸੁਰੱਖਿਅਤ ਹੋ ਜਾਵੇਗੀ। ਬਿਡੇਨ ਨੇ ਕਿਹਾ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਭਾਰਤ ਆਪਣੇ ਖੇਤਰ ਅਤੇ ਆਪਣੀਆਂ ਸਰਹੱਦਾਂ 'ਤੇ ਜਿਨ੍ਹਾਂ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਉਨ੍ਹਾਂ ਨਾਲ ਨਜਿੱਠਣ ਵਿਚ ਉਸ ਦੇ ਨਾਲ ਖੜ੍ਹੇ ਰਹਿਣਗੇ।
ਉਨ੍ਹਾਂ ਕਿਹਾ ਕਿ ਉਹ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਅਤੇ ਜਲਵਾਯੂ ਪਰਿਵਰਤਨ ਤੇ ਵਿਸ਼ਵ ਸਿਹਤ ਸੁਰੱਖਿਆ ਵਰਗੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਕਰਨਗੇ। ਬਿਡੇਨ ਨੇ ਕਿਹਾ, "ਮੈਂ ਰਾਸ਼ਟਰਪਤੀ ਵਜੋਂ ਭਾਰਤੀ-ਅਮਰੀਕੀ ਭਾਈਚਾਰੇ 'ਤੇ ਭਰੋਸਾ ਕਰਨਾ ਜਾਰੀ ਰੱਖਾਂਗਾ। ਇਹ ਭਾਈਚਾਰਾ ਦੋਹਾਂ ਦੇਸ਼ਾਂ ਨੂੰ ਜੋੜ ਕੇ ਰੱਖਦਾ ਹੈ। ਉਨ੍ਹਾਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਅਤੇ ਉਨ੍ਹਾਂ ਦੀ ਮਾਂ ਦੀ ਗੱਲ ਕੀਤੀ ਜੋ ਭਾਰਤੀ ਹਨ। ਉਨ੍ਹਾਂ ਕਿਹਾ ਕਿ ਤੁਸੀਂ ਵੀ ਸਭ ਉਨ੍ਹਾਂ 'ਤੇ ਮਾਣ ਕਰਦੇ ਹੋਵੋਗੇ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਲਈ ਦੁਖੀ ਹਾਂ, ਜੋ ਨਫਰਤ ਅਪਰਾਧਾਂ ਤੇ ਐੱਚ1-ਬੀ ਵੀਜ਼ਾ 'ਤੇ ਅਚਾਨਕ ਚੁੱਕੇ ਗਏ ਹਾਨੀਕਾਰਕ ਕਦਮਾਂ ਸਣੇ ਕਾਨੂੰਨੀ ਇਮੀਗ੍ਰੇਸ਼ਨ 'ਤੇ ਕਾਰਵਾਈ ਕਾਰਨ ਨਿਸ਼ਾਨਾ ਬਣ ਰਹੇ ਹਨ।