ਕੀ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਉਈਗਰਾਂ ਦੀ ਨਸਲਕੁਸ਼ੀ ਰੋਕਣ ਲਈ ਚੁੱਕੇਗਾ ਜ਼ਰੂਰੀ ਕਦਮ?

Friday, Nov 06, 2020 - 12:00 PM (IST)

ਕੀ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਉਈਗਰਾਂ ਦੀ ਨਸਲਕੁਸ਼ੀ ਰੋਕਣ ਲਈ ਚੁੱਕੇਗਾ ਜ਼ਰੂਰੀ ਕਦਮ?

ਸ਼ਿਨਜਿਆਂਗ- ਅਮਰੀਕਾ ਚੋਣ ਨਤੀਜਿਆਂ ਦਾ ਕਈ ਦੇਸ਼ਾਂ 'ਤੇ ਚੰਗਾ-ਮਾੜਾ ਪ੍ਰਭਾਵ ਪੈ ਸਕਦਾ ਹੈ। ਅਜੇ ਨਤੀਜੇ ਆਏ ਨਹੀਂ ਹਨ ਪਰ ਜੋਅ ਬਾਈਡੇਨ ਤੇਜ਼ੀ ਨਾਲ ਜਿੱਤ ਵੱਲ ਵੱਧਦੇ ਦਿਖਾਈ ਦੇ ਰਹੇ ਹਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੋਰੋਨਾ ਵਾਇਰਸ ਨੂੰ ਵਿਸ਼ਵ ਭਰ ਵਿਚ ਫੈਲਾਉਣ ਵਾਲੇ ਚੀਨ 'ਤੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦਾ ਕਿਹੋ-ਜਿਹਾ ਪ੍ਰਭਾਵ ਪੈਂਦਾ ਹੈ।  ਜਿਸ ਤਰ੍ਹਾਂ ਚੀਨ ਨੇ ਉਈਗਰਾਂ 'ਤੇ ਤਸ਼ੱਦਦ ਢਾਹੇ ਹਨ ਕੀ ਅਮਰੀਕੀ ਰਾਸ਼ਟਰਪਤੀ ਚੀਨ ਦੀ ਇਸ ਦਮਨਕਾਰੀ ਨੀਤੀ 'ਤੇ ਲਗਾਮ ਲਗਾ ਸਕੇਗਾ। ਕੀ ਉਹ ਉਈਗਰਾਂ ਦੀ ਨਸਲਕੁਸ਼ੀ ਰੋਕਣ ਲਈ ਪਹਿਲ ਕਰੇਗਾ? ਉਈਗਰਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵੀ ਚੀਨ ਨੇ ਵਾਂਝੇ ਰੱਖਿਆ ਹੈ।

ਕੰਪੇਨ ਫਾਰ ਉਈਗਰ ਨਾਲ ਜੁੜੇ ਕਾਰਕੁੰਨਾ ਨੇ ਆਸ ਪ੍ਰਗਟਾਈ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਉਈਗਰਾਂ ਦੀ ਜ਼ਿੰਦਗੀ ਨੂੰ ਨਰਕ ਵਿਚੋਂ ਕੱਢਣ ਲਈ ਚੀਨ 'ਤੇ ਦਬਾਅ ਪਾ ਸਕਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਚਾਰ ਸਾਲਾਂ ਵਿਚ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਹਾਲਾਂਕਿ ਚੀਨ ਹਰ ਵਾਰ ਸਾਫ ਮੁੱਕਰ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਸ ਨੇ ਕਿਸੇ 'ਤੇ ਵੀ ਤਸ਼ੱਦਦ ਨਹੀਂ ਢਾਹੇ। ਉਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਸ਼ਿਨਜਿਆਂਗ ਵਿਟ ਜੋ ਕੈਂਪ ਬਣਾਏ ਗਏ ਹਨ ਉੱਥੇ ਲੋਕਾਂ ਨੂੰ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਦਕਿ ਸੱਚ ਤਾਂ ਇਹ ਹੈ ਕਿ ਇੱਥੇ ਰਹਿੰਦੇ ਉਈਗਰਾਂ 'ਤੇ ਤਸ਼ੱਦਦ ਢਾਹੇ ਜਾਂਦੇ ਹਨ।

ਬਲਾਤਕਾਰ, ਗਰਭਪਾਤ, ਨਸਬੰਦੀ, ਬੱਚਿਆਂ ਤੋਂ ਕੰਮ, ਹਰ ਉਮਰ ਵਰਗ ਦੇ ਵਿਅਕਤੀ ਦਾ ਮਾਨਸਿਕ ਸ਼ੋਸ਼ਣ, ਕੰਮ ਦਾ ਬੋਝ, ਭੋਜਨ ਤੇ ਦਵਾਈਆਂ ਤੋਂ ਦੂਰ ਰੱਖਣਾ ਇਹ ਸਭ ਇਨ੍ਹਾਂ ਕੈਂਪਾਂ ਵਿਚ ਹੁੰਦਾ ਹੈ। ਇਸ ਦੇ ਬਾਵਜੂਦ ਚੀਨ ਵਿਸ਼ਵ ਅੱਗੇ ਆਪਣੀ ਚੰਗੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਹੋਏ ਖੁਲਾਸਿਆਂ ਵਿਚ ਸਪੱਸ਼ਟ ਹੋਇਆ ਹੈ ਕਿ ਉਈਗਰ ਲੋਕ ਆਪਣੀ ਭਾਸ਼ਾ, ਪਹਿਰਾਵਾ ਤੇ ਸੱਭਿਆਚਾਰ ਨੂੰ ਵੀ ਨਹੀਂ ਅਪਣਾ ਸਕਦੇ ਕਿਉਂਕਿ ਉਨ੍ਹਾਂ 'ਤੇ ਚੀਨ ਦਬਾਅ ਬਣਾਉਂਦਾ ਹੈ।  

ਦੱਸ ਦਈਏ ਕਿ ਸ਼ਿਨਜਆਂਗ ਖੇਤਰ ਲਗਭਗ 10 ਮਿਲੀਅਨ ਉਈਗਰਾਂ ਦਾ ਘਰ ਹੈ। ਸ਼ਿਨਜਿਆਂਗ ਦੀ ਲਗਭਗ 45 ਫੀਸਦੀ ਆਬਾਦੀ ਤੁਰਕ ਮੁਸਲਿਮ ਸਮੂਹ ਨੇ ਚੀਨ ਸਰਕਾਰ 'ਤੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਸੱਭਿਆਚਾਰਕ, ਧਾਰਮਿਕ ਤੇ ਆਰਥਿਕ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਇਨ੍ਹਾਂ ਗੁਲਾਮ ਲੋਕਾਂ ਨੂੰ ਕਦੋਂ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿਵਾਉਣ ਵਿਚ ਸਹਾਈ ਹੁੰਦਾ ਹੈ। 


author

Lalita Mam

Content Editor

Related News