ਕੀ ਮਰਨ ਤੋਂ ਬਾਅਦ ਵੀ ਅਫਗਾਨਿਸਤਾਨ ਵਿਚ ਕਾਉਂਸਿਲ ਰਾਹੀਂ ਰਾਜ ਕਰੇਗਾ ਹੈਬਤੁੱਲਾਹ ਅਖੁੰਦਜਾਦਾ?

Sunday, Aug 29, 2021 - 12:19 PM (IST)

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ) ਅਫਗਾਨਿਸਤਾਨ ਵਿਚ ਤਾਲਿਬਾਨ ਨੇ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਖਬਰ ਹੈ ਕਿ ਪਹਿਲਾਂ ਵਾਂਗ ਤਾਲਿਬਾਨ, ਅਫਗਾਨਿਸਤਾਨ ਵਿਚ ਕਾਉਂਸਿਲ ਰਾਹੀਂ ਰਾਜ ਕਰੇਗਾ। ਇਸ ਵਾਰ ਤਾਲਿਬਾਨੀ ਨੇਤਾ ਬਿਹਤਰ ਪ੍ਰਸ਼ਾਸਨ ਦਾ ਦਾਅਵਾ ਵੀ ਕਰ ਰਹੇ ਹਨ। ਜਦਕਿ ਅਫਗਾਨਿਸਤਾਨ ਦੇ ਲੋਕਾਂ ਨੂੰ ਤਾਲਿਬਾਨ ’ਤੇ ਭਰੋਸਾ ਹੀ ਨਹੀਂ ਹੈ।

ਇਸ ਦਰਮਿਆਨ ਤਾਲਿਬਾਨੀ ਨੇਤਾ ਵਹੀਦ ਉੱਲਾਹ ਹਾਸ਼ਮੀ ਨੇ ਸਾਫ ਕਰ ਦਿੱਤਾ ਕਿ ਕੋਈ ਲੋਕਤੰਤਰ ਨਹੀਂ ਹੋਵੇਗਾ ਅਤੇ ਦੇਸ਼ ਸ਼ਰੀਆ ਕਾਨੂੰਨ ਨਾਲ ਚੱਲੇਗਾ। ਹਾਸ਼ਮੀ ਦੀ ਮੰਨੀਏ ਤਾਂ ਹੈਬਤੁੱਲਾਹ ਅਖੁੰਦਜਾਦਾ ਤਾਲਿਬਾਨ ਦੀ ਅਗਵਾਈ ਕਰ ਸਕਦਾ ਹੈ। ਉਸਦੀ ਦੇਖਰੇਖ ਵਿਚ ਕਾਉਂਸਿਲ ਸਰਕਾਰ ਚੱਲੇਗੀ।ਤਾਲਿਬਾਨ ਦੇ ਕਈ ਲੋਕ ਪਾਕਿਸਤਾਨ ਵਿਚ ਰਹਿੰਦੇ ਹਨ। ਇਸਦੀ ਟਾਪ ਲੀਡਰਸ਼ਿੱਪ ਕਾਉਂਸਿਲ ਦਾ ਨਾਂ ‘ਕਵੇਟਾ ਸ਼ੁਰਾ’ ਵੀ ਇਸ ਲਈ ਪਿਆ ਕਿਉਂਕਿ ਇਸਦੇ ਜ਼ਿਆਦਾਤਰ ਮੈਂਬਰ ਕਵੇਟਾ ਵਿਚ ਹੀ ਰਹਿੰਦੇ ਹਨ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਤਾਲਿਬਾਨੀਆਂ ਦੇ ਸੰਗਠਨ ਦਾ ਇਹ ਪ੍ਰਮੁੱਖ ਮੌਲਵੀ ਹਿਬਤੁੱਲਾਹ ਅਖੁੰਦਜਾਦਾ ਹੁਣ ਵੀ ਗਾਇਬ ਹੈ।

ਅਖੁੰਦਜਾਦਾ ਵੀ ਸੰਗਠਨ ਦੇ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਸ਼ਾਮਲ ਹੈ. ਉਹ ਕਥਿਤ ਤੌਰ ’ਤੇ ਮਈ 2016 ਵਿਚ ਹੀ ਗਾਇਬ ਹੋ ਗਿਆ ਸੀ ਅਤੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਥੇ ਹਨ। ਉਸਨੂੰ ਤਾਲਿਬਾਨ ਵਿਚ ਏਕਤਾ ਬਣਾਏ ਰੱਖਣ ਲਈ ਵੀ ਜਾਣਿਆ ਜਾਂਦਾ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਉਹ ਇਕ ਹਮਲੇ ਵਿਚ ਮਾਰਿਆ ਗਿਆ ਹੈ, ਤਾਲਿਬਾਨ ਜ਼ਿਆਦਾਤਰ ਆਪਣੇ ਨੂੰ ਤਾਕਤਵਰ ਦਿਖਾਉਣ ਲਈ ਆਪਣੇ ਨੇਤਾਵਾਂ ਦੇ ਮਰਨ ਦੀਆਂ ਖਬਰਾਂ ਲੁਕਾਉਂਦੇ ਹਨ।

ਬੰਬ ਧਮਾਕੇ ਵਿਚ ਮਾਰੇ ਜਾਣ ਦਾ ਦਾਅਵਾ
ਅਖੁੰਦਜਾਦਾ ਅਫਗਾਨਿਸਤਾਨ ਦੇ ਕੰਧਾਰ ਸੂਬੇ ਦਾ ਇਕ ਧਾਰਮਿਕ ਵਿਦਵਾਨ ਅਤੇ ਕੱਟੜਪੰਥੀ ਹੈ। ਉਹ 1980 ਦੇ ਦਹਾਕੇ ਵਿਚ ਅਫਗਾਨਿਸਤਾਨ ’ਤੇ ਸੋਵੀਅਤ ਹਮਲੇ ਦੇ ਸਮੇਂ ਇਸਲਾਮੀ ਵਿਰੋਧ ਵਿਚ ਸ਼ਾਮਲ ਸੀ, ਪਰ ਉਸਨੂੰ ਇਕ ਫੌਜੀ ਕਮਾਂਡਰ ਘੱਟ ਅਤੇ ਧਾਰਮਿਕ ਵਿਦਵਾਨ ਜ਼ਿਆਦਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਮਹੀਨੇ ਵਿਚ ਅਜਿਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਅਖੁੰਦਜਾਦਾ ਦੀ ਮੌਤ ਹੋ ਗਈ ਹੈ। 

ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਤਾਲਿਬਾਨੀ ਪ੍ਰਮੁੱਖ ਦੀ ਮੌਤ ਅਜੇ ਨਹੀਂ ਸਗੋਂ ਮਹੀਨਿਆਂ ਪਹਿਲਾਂ ਅਪ੍ਰੈਲ 2020 ਵਿਚ ਪਾਕਿਸਤਾਨੀ ਦੇ ਬਲੂਚਿਸਤਾਨ ਸੂਬੇ ਵਿਚ ਇਕ ਧਮਾਕੇ ਕਾਰਨ ਹੋਈ ਸੀ। ਜਦਕਿ ਅਜਿਹੀ ਸੰਭਾਵਨਾ ਹੈ ਕਿ ਹਿਬਤੁੱਲਾਹ ਅਖੁੰਦਜਾਦਾ ਦੀ ਮੌਤ ਪਹਿਲਾਂ ਹੀ ਹੋ ਗਈ ਹੈ ਪਰ ਤਾਲਿਬਾਨ ਇਸਨੂੰ ਲੁਕਾ ਰਿਹਾ ਹੈ, ਤਾਂ ਜੋ ਸੰਗਠਨ ਦੁਨੀਆ ਦੇ ਸਾਹਮਣੇ ਕਮਜ਼ੋਰ ਨਾ ਦਿਖਾਈ ਦੇਵੇ। ਇਸ ਤੋਂ ਪਹਿਲਾਂ ਵੀ ਉਹ ਇਹ ਕਰ ਚੁੱਕਾ ਹੈ। ਅਹਿਸ਼ਤ-ਏ-ਸ਼ੁੱਭ ਅਖਬਾਰ ਨੇ ਇਕ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਅਖੁੰਦਜਾਦਾ ਦੀ ਮੌਤ ਕਵੇਟਾ ਦੇ ਇਕ ਘਰ ਵਿਚ ਧਮਾਕਾ ਹੋਣ ਕਾਰਨ ਹੋਈ ਹੈ, ਪਰ ਫਿਰ ਤਾਲਿਬਾਨ ਨੇਤਾ ਅਹਿਮਦੁੱਲਾਹ ਵਾਸਿਕ ਨੇ ਇਸਨੂੰ ਝੂਠੀ ਅਤੇ ਆਧਾਰਹੀਣ ਅਫਵਾਹਾਂ ਕਰਾਰ ਦਿੱਤਾ।

6 ਮਹੀਨੇ ਤੋਂ ਨਹੀਂ ਦੇਖਿਆ ਗਿਆ ਹੈ ਅਖੁੰਦਜਾਦਾ
ਮੁੱਲਾ ਅਬਦੁੱਲ ਗਨੀ ਬਰਾਦਰ ਨੂੰ ਤਿੰਨ ਸਾਲ ਪਹਿਲਾਂ ਅਮਰੀਕਾ ਦੇ ਕਹਿਣ ’ਤੇ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਕੀਤਾ ਗਿਆ ਸੀ, ਹੁਣ ਉਹ ਨਵੀਂ ਸਰਕਾਰ ਵਿਚ ਅਹਿਮ ਅਹੁਦਾ ਪ੍ਰਾਪਤ ਕਰ ਸਕਦਾ ਹੈ ਪਰ ਅਖੁੰਦਜਾਦਾ ਦਾ ਕੋਈ ਜ਼ਿਕਰ ਤੱਕ ਨਹੀਂ ਕਰ ਰਿਹਾ। ਬੀਤੇ ਦਿਨੀਂ ਰਿਪੋਰਟਸ ਵਿਚ ਇਹ ਦਾਅਵਾ ਕੀਤਾ ਗਿਆ ਕਿ ਹਿਬਤੁੱਲਾਹ ਅਖੁੰਦਜਾਦਾ ਪਾਕਿਸਤਾਨ ਫੌਜ ਦੀ ਹਿਰਾਸਤ ਵਿਚ ਹੈ।ਸੰਗਠਨ ਦੇ ਹੀ ਇਕ ਮੈਂਬਰ ਨੇ ਦੱਸਿਆ ਕਿ ਅਖੁੰਦਜਾਦਾ ਨੂੰ ਬੀਤੇ 6 ਮਹੀਨਿਆਂ ਤੋਂ ਨਹੀਂ ਦੇਖਿਆ ਗਿਆ ਹੈ। ਉਸਨੇ ਦੱਸਿਆ ਕਿ ਮਈ ਵਿਚ ਉਸਨੇ (ਅਖੁੰਦਜਾਦਾ) ਈਦ ਮੌਕੇ ’ਤੇ ਇਕ ਬਿਆਨ ਜਾਰੀ ਕੀਤਾ ਸੀ। ਹਾਲਾਂਕਿ ਇਹ ਬਿਆਨ ਅਖੁੰਦਜਾਦਾ ਨੇ ਹੀ ਜਾਰੀ ਕੀਤਾ ਸੀ, ਇਹ ਗੱਲ ਸਾਬਿਤ ਨਹੀਂ ਹੋ ਸਕੀ ਹੈ।

2016 ਮਈ ਵਿਚ ਬਣਿਆ ਸੀ
ਸਾਲ 2016 ਮਈ ਵਿਚ ਤਾਲਿਬਾਨ ਦੇ ਸਾਬਕਾ ਪ੍ਰਮੁੱਖ ਅਖਤਰ ਮਨਸੂਰ ਦੀ ਅਮਰੀਕੀ ਹਵਾਈ ਹਮਲੇ ਵਿਚ ਮੌਤ ਹੋਣ ਤੋਂ ਬਾਅਦ ਅਖੁੰਦਜਾਦਾ ਨੂੰ ਇਹ ਅਹੁਦਾ ਦਿੱਤਾ ਗਿਆ ਸੀ। ਉਸਨੂੰ ਆਮਿਰ-ਅਲ-ਮੋਨਿਨੀਨ (ਵਫਾਦਾਰਾਂ ਦੇ ਕਮਾਂਡਰ) ਦੀ ਉਪਾਧੀ ਦਿੱਤੀ ਗਈ ਹੈ। ਉਹ ਨੂਰਜਈ ਜਨਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਬੀਤੇ ਸਮੇਂ ਵਿਚ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਦੀ ਸ਼ਰੀਆ ਅਦਾਲਤਾਂ ਦੇ ਪ੍ਰਮੁੱਖ ਦੇ ਰੂਪ ਵਿਚ ਕੰਮ ਕਰ ਚੁੱਕਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਉਸਨੇ ਅਜਿਹੇ ਫੈਸਲੇ ਲਏ, ਜਿਨ੍ਹਾਂ ਵਿਚ ਹੱਤਿਆ ਦੇ ਦੋਸ਼ੀਆਂ ਨੂੰ ਜਨਤਕ ਫਾਂਸੀ ਅਤੇ ਚੋਰੀ ਕਰਨ ਵਾਲਿਆਂ ਦੇ ਹੱਥ-ਪੈਰ ਕੱਟਣ ਦੇ ਹੁਕਮ ਸ਼ਾਮਲ ਸਨ।


Vandana

Content Editor

Related News