ਕੈਲੀਫੋਰਨੀਆ ''ਚ ਲੱਗੀ ਜੰਗਲੀ ਅੱਗ ਹੋਈ ਨੇਵਾਡਾ ਤੋਂ ਪਾਰ
Friday, Jul 23, 2021 - 12:59 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕਈ ਖੇਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੇ ਹਨ, ਜਿਹਨਾਂ ਵਿਚੋਂ ਕੈਲੀਫੋਰਨੀਆ ਪ੍ਰਮੁੱਖ ਹੈ। ਉੱਤਰੀ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਤਾਂ ਨੇਵਾਡਾ ਨੂੰ ਪਾਰ ਕਰ ਗਈ ਹੈ ਪਰ ਵਧੀਆ ਮੌਸਮ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਟੇਹੋ ਲੇਕ ਦੇ ਦੱਖਣ ਵਿਚ 4 ਜੁਲਾਈ ਨੂੰ ਲੱਗੀ ਅੱਗ ਨੇ 68 ਵਰਗ ਮੀਲ (176 ਵਰਗ ਕਿਲੋਮੀਟਰ) ਤੋਂ ਵੱਧ ਜੰਗਲ ਸਾੜ ਦਿੱਤੇ। ਇਸਦੇ ਨਾਲ ਹੀ ਐਲਪਾਈਨ ਕਾਉਂਟੀ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ 1,200 ਤੋਂ ਵੱਧ ਫਾਇਰ ਫਾਈਟਰ ਜੱਦੋ-ਜਹਿਦ ਕਰ ਰਹੇ ਹਨ। ਇਸ ਅੱਗ ਨਾਲ ਘੱਟੋ-ਘੱਟ 10 ਇਮਾਰਤਾਂ ਤਬਾਹ ਹੋਈਆਂ ਹਨ ਅਤੇ ਕਈਆਂ ਨੂੰ ਆਪਣੇ ਘਰ ਵੀ ਖਾਲੀ ਕਰਨੇ ਪਏ ਹਨ।
ਇਸ ਅੱਗ ਕਾਰਨ ਨੇਵਾਡਾ ਅਤੇ ਕੈਲੀਫੋਰਨੀਆ ਵਿਚ ਯੂ. ਐੱਸ. 395 ਦੇ ਕੁੱਝ ਹਿੱਸੇ ਵੀ ਬੰਦ ਕਰ ਦਿੱਤੇ ਸਨ। ਦੇਸ਼ ਦੀ ਸਭ ਤੋਂ ਵੱਡੀ ਜੰਗਲੀ ਅੱਗ, ਓਰੇਗਨ ਦੀ ਬੂਟਲੇਗ ਫਾਇਰ 'ਚ 618 ਵਰਗ ਮੀਲ (1,601 ਵਰਗ ਕਿਲੋਮੀਟਰ) ਤੱਕ ਵਧੀ ਹੋਈ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਘੱਟ ਹਵਾਵਾਂ ਅਤੇ ਤਾਪਮਾਨ ਨੇ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਕਰਨ ਵਿਚ ਮਦਦ ਕੀਤੀ ਹੈ। ਇਸ ਅੱਗ ਲੱਗਣ ਸਮੇਂ ਘੱਟੋ-ਘੱਟ 2000 ਘਰਾਂ ਨੂੰ ਖਾਲੀ ਕਰਾਉਣ ਦਾ ਆਦੇਸ਼ ਦਿੱਤਾ ਗਿਆ ਸੀ ਅਤੇ 5 ਹਜ਼ਾਰ ਹੋਰਾਂ ਨੂੰ ਚਿਤਾਵਨੀ ਦਿੱਤੀ ਗਈ ਸੀ। ਇਸ ਨਾਲ ਘੱਟੋ-ਘੱਟ 70 ਘਰ ਅਤੇ 100 ਤੋਂ ਵੱਧ ਹੋਰ ਥਾਵਾਂ ਸੜ੍ਹ ਗਈਆਂ ਹਨ ਪਰ ਕਿਸੇ ਦੀ ਮੌਤ ਹੋਣ ਬਾਰੇ ਖ਼ਬਰ ਨਹੀਂ ਹੈ।