WHO ਦੀ ਚਿਤਾਵਨੀ, ਕੋਰੋਨਾ ਦੀਆਂ ''ਬਿਨਾਂ ਪਰੀਖਣ'' ਵਾਲੀਆਂ ਦਵਾਈਆਂ ਖਤਰਨਾਕ

Tuesday, Mar 24, 2020 - 02:06 PM (IST)

WHO ਦੀ ਚਿਤਾਵਨੀ, ਕੋਰੋਨਾ ਦੀਆਂ ''ਬਿਨਾਂ ਪਰੀਖਣ'' ਵਾਲੀਆਂ ਦਵਾਈਆਂ ਖਤਰਨਾਕ

ਜਿਨੇਵਾ- ਕੋਰੋਨਾਵਾਇਰਸ ਦੀ ਗ੍ਰਿਫਤ ਵਿਚ ਆ ਕੇ ਦੁਨੀਆਭਰ ਦੇ ਸੈਂਕੜੇ ਲੋਕਾਂ ਦੀ ਜਾਨ ਰੋਜ਼ਾਨਾ ਜਾ ਰਹੀ ਹੈ। ਸਮੱਸਿਆ ਇਹ ਹੈ ਕਿ ਇਸ ਵਾਇਰਸ ਨਾਲ ਲੜਨ ਦੇ ਲਈ ਅਜੇ ਤੱਕ ਕੋਈ ਦਵਾਈ ਜਾਂ ਟੀਕਾ ਮੁੱਹਈਆ ਨਹੀਂ ਹੋ ਸਕਿਆ ਹੈ। ਇਸ ਲਈ ਕਈ ਹੋਰ ਰੋਗਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਰਤੋਂ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ 'ਤੇ ਕੀਤੀ ਜਾ ਰਹੀ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਲੈ ਕੇ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। 

ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਦੇ ਇਲਾਜ ਵਿਚ ਬਿਨਾਂ ਪਰੀਖਣ ਵਾਲੀਆਂ ਦਵਾਈਆਂ ਦੀ ਵਰਤੋਂ ਖਤਰਨਾਕ ਸਾਬਿਤ ਹੋ ਸਕਦੀ ਹੈ ਤੇ ਇਸ ਨਾਲ ਝੂਠੀਆਂ ਉਮੀਦਾਂ ਹੀ ਪੈਦਾ ਹੋਣਗੀਆਂ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੀ.ਏ. ਗੇਬ੍ਰੇਯੇਸਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦੇਖੋ, ਬਿਨਾਂ ਸਹੀ ਸਬੂਤ, ਬਿਨਾਂ ਪਰੀਖਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਕੇ ਝੂਠੀਆਂ ਉਮੀਦਾਂ ਹੀ ਪੈਦਾ ਹੋ ਸਕਦੀਆਂ ਹਨ। ਇਹ ਲਾਭ ਦੀ ਬਜਾਏ ਜ਼ਿਆਦਾ ਨੁਕਸਾਨ ਕਰ ਸਕਦੀਆਂ ਹਨ ਤੇ ਲੋੜੀਂਦੀਆਂ ਦਵਾਈਆਂ ਦੀ ਕਮੀ ਹੋ ਸਕਦੀ ਹੈ, ਜਿਹਨਾਂ ਦੀ ਲੋੜ ਹੋਰਾਂ ਬੀਮਾਰੀਆਂ ਵਿਚ ਹੁੰਦੀ ਹੈ।

ਹਾਲਾਂਕਿ ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਡਾਕਟਰ ਮਾਈਕਲ ਜੇ ਰਾਇਨ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਭਵਿੱਖ ਵਿਚ ਕਿਹੋ-ਜਿਹਾ ਅਸਰ ਹੋਵੇਗਾ ਇਹ ਭਾਰਤ ਜਿਹੀ ਵੱਡੀ ਆਬਾਦੀ ਵਾਲੇ ਦੇਸ਼ਾਂ ਦੀ ਕਾਰਵਾਈ 'ਤੇ ਤੈਅ ਹੋਵੇਗਾ। ਨਾਲ ਹੀ ਉਹਨਾਂ ਕਿਹਾ ਕਿ ਚੀਨ ਵਾਂਗ ਭਾਰਤ ਬਹੁਤ ਵੱਡੀ ਆਬਾਦੀ ਵਾਲਾ ਦੇਸ਼ ਹੈ। ਕੋਰੋਨਾਵਾਇਰਸ ਦੇ ਭਿਆਨਕ ਨਤੀਜੇ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਵੱਡੀ ਆਬਾਦੀ ਵਾਲੇ ਦੇਸ਼ ਇਸ ਨੂੰ ਲੈ ਕੇ ਕੀ ਕਦਮ ਚੁੱਕਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਜਨਤਾ ਦੀ ਸਿਹਤ ਲਈ ਸਖਤ ਤੇ ਗੰਭੀਰ ਫੈਸਲੇ ਲੈਣਾ ਜਾਰੀ ਰੱਖੇ। 


author

Baljit Singh

Content Editor

Related News