ਕੌਣ ਹੈ ਨਿਖਿਲ ਗੁਪਤਾ? ਜਿਸ ’ਤੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਲੱਗਿਆ ਇਲਜ਼ਾਮ

Tuesday, Jun 18, 2024 - 10:58 AM (IST)

ਵਾਸ਼ਿੰਗਟਨ- ਅਮਰੀਕਾ 'ਚ ਸਿੱਖ ਵੱਖਵਾਦੀ ਦੀ ਸੁਪਾਰੀ ਦੇ ਕੇ ਕਤਲ ਕਰਾਉਣ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਹੁਣ ਅਮਰੀਕਾ ਦੀ ਇਕ ਅਦਾਲਤ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਗੁਪਤਾ (53) ਨੂੰ ਨਿਊਯਾਰਕ 'ਚ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ 'ਚ ਅਮਰੀਕਾ ਸਰਕਾਰ ਦੀ ਅਪੀਲ 'ਤੇ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 14 ਜੂਨ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ। ਪੰਨੂ ਅਮਰੀਕਾ 'ਚ ਰਹਿੰਦਾ ਹੈ ਅਤੇ ਉਸ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਹਾਲਾਂਕਿ ਨਿਖਿਲ ਗੁਪਤਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਕੌਣ ਹੈ ਨਿਖਿਲ ਗੁਪਤਾ

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ,''ਨਿਕ' ਨਾਂ ਦਾ ਵੀ ਇਸਤੇਮਾਲ ਕਰਨ ਵਾਲੇ ਨਿਖਿਲ ਗੁਪਤਾ 'ਤੇ ਇਕ ਅਣਜਾਣ ਭਾਰਤੀ 'ਸੀਨੀਅਰ ਫੀਲਡ ਅਧਿਕਾਰੀ' ਨਾਲ ਮਿਲ ਕੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਗੁਪਤਾ ਨੂੰ ਚੈੱਕ ਗਣਰਾਜ ਤੋਂ ਹਵਾਲਗੀ ਤੋਂ ਬਾਅਦ ਬਰੁਕਲਿਨ ਦੀ ਜੇਲ੍ਹ 'ਚ ਰੱਖਿਆ ਗਿਆ। 52 ਸਾਲਾ ਗੁਪਤਾ ਨੂੰ ਪਿਛਲੇ ਸਾਲ 30 ਜੂਨ ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਅਮਰੀਕਾ ਨੇ ਉਸ ਦੀ ਹਵਾਲਗੀ ਦੀ ਮੰਗ ਕੀਤੀ ਸੀ। ਇਸ ਸਾਲ ਦੇ ਸ਼ੁਰੂ ਵਿਚ ਚੈੱਕ ਸੰਵਿਧਾਨਕ ਅਦਾਲਤ ਵਿਚ ਉਸ ਦੀ ਹਵਾਲਗੀ ਵਿਰੁੱਧ ਅਪੀਲ ਕਾਰਨ ਉਸ ਦੀ ਹਵਾਲਗੀ ਨੂੰ ਰੋਕ ਦਿੱਤਾ ਗਿਆ ਸੀ। ਪਿਛਲੇ ਮਹੀਨੇ ਜਦੋਂ ਉਸ ਦੀ ਅਪੀਲ ਖਾਰਜ ਹੋ ਗਈ ਤਾਂ ਉਸ ਲਈ ਅਮਰੀਕਾ ਭੇਜਣ ਦਾ ਰਸਤਾ ਸਾਫ਼ ਹੋ ਗਿਆ। ਅਦਾਲਤੀ ਦਸਤਾਵੇਜ਼ 'ਚ ਖਾਲਿਸਤਾਨ ਪੱਖੀ ਆਗੂ ਦਾ ਨਾਂ ਨਹੀਂ ਹੈ ਪਰ ਇਹ ਕੇਸ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਹੈ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਰੱਖਦਾ ਹੈ। ਉਹ ਨਿਊਯਾਰਕ 'ਚ ਰਹਿੰਦਾ ਹੈ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਪ੍ਰਚਾਰ ਕਰਦਾ ਹੈ। 

ਇਹ ਵੀ ਪੜ੍ਹੋ : ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਿਖਿਲ ਗੁਪਤਾ ਨੂੰ ਲਿਆਂਦਾ ਗਿਆ ਅਮਰੀਕਾ

ਨਿਖਿਲ ਗੁਪਤਾ 'ਤੇ ਕੀ ਹੈ ਇਲਜ਼ਾਮ?

ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦਾ ਨਾਂ ਸਾਹਮਣੇ ਆਇਆ ਸੀ। ਅਮਰੀਕੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਨਿਖਿਲ ਗੁਪਤਾ ਨੇ ਇਕ ਅਣਪਛਾਤੇ ਭਾਰਤੀ ਸਰਕਾਰੀ ਕਰਮਚਾਰੀ ਦੇ ਨਿਰਦੇਸ਼ਾਂ 'ਤੇ ਅਮਰੀਕਾ 'ਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਨਿਖਿਲ ਗੁਪਤਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ। ਅਮਰੀਕਾ ਦੀ ਅਪੀਲ 'ਤੇ ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਹਵਾਲਗੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਕੀ ਹੈ ਮਾਮਲਾ

ਪਿਛਲੇ ਸਾਲ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ 'ਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਸੀ। ਕਿਹਾ ਗਿਆ ਕਿ ਇਸ ਮਾਮਲੇ ਨੂੰ ਅਮਰੀਕਾ ਨੇ ਭਾਰਤ ਸਰਕਾਰ ਦੇ ਸਾਹਮਣੇ ਵੀ ਚੁੱਕਿਆ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਇਹ ਵੀ ਦੱਸਿਆ ਕਿ ਕੀ ਭਾਰਤ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਣ ਦੇ ਕਾਰਨ ਸਾਜ਼ਿਸ਼ਕਰਤਾਵਾਂ ਨੇ ਆਪਣੀ ਯੋਜਨਾ ਦਿੱਤੀ ਜਾਂ ਫਿਰ ਐੱਫ.ਬੀ.ਆਈ. (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਦੀ ਦਖ਼ਲਅੰਦਾਜੀ ਨਾਲ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਮਾਮਲੇ 'ਚ ਇਕ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਨਿਖਿਲ ਨੇ ਪੰਨੂ ਨੂੰ ਮਾਰਨ ਲਈ ਕਾਤਲ ਨੂੰ 100,000 ਅਮਰੀਕੀ ਡਾਲ ਦੇਣ 'ਤੇ ਸਹਿਮਤ ਹੋਏ ਸਨ। ਇਨ੍ਹਾਂ 'ਚੋਂ 15 ਹਜ਼ਾਰ ਡਾਲਰ ਦੀ ਐਡਵਾਂਸ ਪੇਮੈਂਟ 9 ਜੂਨ 2023 ਨੂੰ ਕਰ ਦਿੱਤੀ ਗਈ ਸੀ ਪਰ ਜਿਸ ਸ਼ਖ਼ਸ ਨੂੰ ਇਸ ਕੰਮ ਲਈ ਚੁਣਿਆ ਗਿਆ ਸੀ, ਉਹ ਅਮਰੀਕੀ ਏਜੰਸੀ ਦਾ ਹੀ ਖੁਫ਼ੀਆ ਏਜੰਟ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News